ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ
Wednesday, May 01, 2024 - 04:14 PM (IST)
ਕਾਨਪੁਰ- ਆਮ ਤੌਰ 'ਤੇ ਵਿਆਹਾਂ-ਸ਼ਾਦੀਆਂ ਦੌਰਾਨ ਬੈਂਡ-ਵਾਜੇ ਵਜਾਏ ਜਾਂਦੇ ਹਨ ਜਾਂ ਕੋਈ ਹੋਰ ਖੁਸ਼ੀ ਦਾ ਪ੍ਰੋਗਰਾਮ ਹੋਵੇ ਪਰ ਕਾਨਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਆਪਣੀ ਧੀ ਦੇ ਤਲਾਕ ਮਗਰੋਂ ਉਸ ਨੂੰ ਬੈਂਡ-ਵਾਜਿਆਂ ਨਾਲ ਘਰ ਲੈ ਕੇ ਆਏ। ਅਨਿਲ ਕੁਮਾਰ ਜੋ ਕਿ BSNL ਤੋਂ ਸੇਵਾਮੁਕਤ ਅਧਿਕਾਰੀ ਹਨ, ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਆਪਣੀ ਧੀ ਨੂੰ ਵਿਆਹ ਮਗਰੋਂ ਵਿਦਾ ਕੀਤਾ ਸੀ, ਉਂਝ ਹੀ ਉਸ ਨੂੰ ਵਾਪਸ ਲੈ ਕੇ ਆਏ। ਅਸੀਂ ਚਾਹੁੰਦੇ ਹਾਂ ਕਿ ਉਹ ਪੂਰੇ ਸਨਮਾਨ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੇ।
ਇਹ ਵੀ ਪੜ੍ਹੋ- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਪਿਤਾ ਨੇ ਸਮਾਜ ਨੂੰ ਦਿੱਤਾ ਖ਼ਾਸ ਸੁਨੇਹਾ
ਅਨਿਲ ਕੁਮਾਰ ਨੇ ਆਪਣੀ ਧੀ ਦੇ ਤਲਾਕ 'ਤੇ ਸਮਾਜ ਲਈ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਧੀ ਦੇ ਤਲਾਕ ਮਗਰੋਂ ਵਾਪਸ ਘਰ ਲਿਆਉਣ ਲਈ ਬੈਂਡ-ਵਾਜਿਆਂ ਨਾਲ ਉਸ ਦਾ ਸੁਆਗਤ ਕੀਤਾ। ਅਨਿਲ ਮੁਤਾਬਕ ਮੈਂ ਅਜਿਹਾ ਇਸ ਲਈ ਕੀਤਾ, ਤਾਂ ਜੋ ਸਮਾਜ ਨੂੰ ਇਕ ਸਕਾਰਾਤਮਕ ਸੁਨੇਹਾ ਦੇ ਸਕਾਂ ਅਤੇ ਲੋਕ ਵਿਆਹ ਮਗਰੋਂ ਧੀ ਨੂੰ ਅਣਦੇਖਾ ਕਰਨ ਦੀ ਬਜਾਏ ਉਸ ਨੂੰ ਅਤੇ ਉਸ ਦੀ ਪਰੇਸ਼ਾਨੀ ਨੂੰ ਸਮਝ ਸਕਣ।
ਸਾਲ 2016 'ਚ ਹੋਇਆ ਸੀ ਉਰਵੀ ਦਾ ਵਿਆਹ
ਅਨਿਕ ਕੁਮਾਰ ਦੀ 36 ਸਾਲਾ ਧੀ ਉਰਵੀ ਦਾ ਵਿਆਹ ਸਾਲ 2016 ਵਿਚ ਆਸ਼ੀਸ਼ ਰੰਜਨ ਨਾਲ ਹੋਇਆ, ਜੋ ਕਿ ਕੰਪਿਊਟਰ ਇੰਜੀਨੀਅਰ ਹੈ। ਉਰਵੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ। ਦੋਵੇਂ ਦਿੱਲੀ ਵਿਚ ਹੀ ਰਹਿੰਦੇ ਸਨ ਅਤੇ ਉਨ੍ਹਾਂ ਦੀ ਇਕ ਧੀ ਵੀ ਹੈ। ਪਿਤਾ ਦਾ ਦੋਸ਼ ਹੈ ਕਿ ਧੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਤੋਂ ਦਾਜ ਵਿਚ ਕਾਰ ਅਤੇ ਫਲੈਟ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਧੀ ਦੇ ਰੰਗ-ਰੂਪ ਨੂੰ ਲੈ ਕੇ ਸਹੁਰੇ ਵਾਲੇ ਤਾਅਨੇ ਮਾਰਦੇ ਸਨ। ਇਸ ਵਜ੍ਹਾਂ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ। ਇਸ ਬਾਰੇ ਗੱਲ ਕਰਦਿਆਂ ਉਰਵੀ ਨੇ ਕਿਹਾ ਕਿ ਮੈਂ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ 8 ਸਾਲ ਤੱਕ ਕੁੱਟਮਾਰ, ਤਾਅਨੇ ਅਤੇ ਅੱਤਿਆਚਾਰ ਸਹਿਣ ਮਗਰੋਂ ਮੈਂ ਪੂਰੀ ਤਰ੍ਹਾਂ ਟੁੱਟ ਗਈ।
ਇਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
ਪਿਤਾ ਬੋਲੇ- ਧੀ ਤੇ ਦੋਹਰੀ ਦੀ ਖ਼ੁਦ ਚੁੱਕਣਗੇ ਜ਼ਿੰਮੇਵਾਰੀ
ਪਿਤਾ ਅਨਿਲ ਆਪਣੀ ਧੀ ਅਤੇ ਦੋਹਤੀ ਨੂੰ ਲੈ ਕੇ ਉਸ ਦੇ ਸਹੁਰੇ ਘਰ ਪਹੁੰਚੇ। ਉਨ੍ਹਾਂ ਨੇ ਫੈਸਲਾ ਕੀਤਾ ਕਿ ਆਪਣੀ ਧੀ ਅਤੇ ਦੋਹਰੀ ਦੀ ਜ਼ਿੰਮੇਵਾਰੀ ਖ਼ੁਦ ਚੁੱਕਣਗੇ। ਇਸ ਤੋਂ ਬਾਅਦ ਉਹ ਜਦੋਂ ਆਪਣੀ ਧੀ ਨੂੰ ਸਹੁਰੇ ਤੋਂ ਲੈ ਕੇ ਆਏ ਤਾਂ ਉਨ੍ਹਾਂ ਨੇ ਢੋਲ ਤੇ ਬੈਂਡ-ਵਾਜਿਆਂ ਨਾਲ ਧੀ ਦਾ ਘਰ ਵਿਚ ਸੁਆਗਤ ਕੀਤਾ। ਹੁਣ ਉਨ੍ਹਾਂ ਦੇ ਇਸ ਕਦਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8