ਕੰਝਾਵਲਾ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ, ਮੁਲਜ਼ਮ ਜਾਣਦੇ ਸਨ ਕਿ ਕਾਰ ਦੇ ਹੇਠਾਂ ਫਸੀ ਹੈ ਕੁੜੀ

Monday, Jan 09, 2023 - 04:39 PM (IST)

ਕੰਝਾਵਲਾ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ, ਮੁਲਜ਼ਮ ਜਾਣਦੇ ਸਨ ਕਿ ਕਾਰ ਦੇ ਹੇਠਾਂ ਫਸੀ ਹੈ ਕੁੜੀ

ਨਵੀਂ ਦਿੱਲੀ- ਦਿੱਲੀ ਦੇ ਕੰਝਾਵਲਾ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਕੰਝਾਵਲਾ ਕਾਂਡ ਦੇ ਮੁਲਜ਼ਮਾਂ ਨੂੰ ਪਤਾ ਸੀ ਕਿ ਇਕ ਕੁੜੀ ਉਨ੍ਹਾਂ ਦੀ ਕਾਰ ਦੇ ਪਹੀਏ ਹੇਠ ਫਸੀ ਹੋਈ ਹੈ। ਦੋਸ਼ੀਆਂ ਨੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕੋਈ ਉਨ੍ਹਾਂ ਨੂੰ ਵੇਖ ਲਵੇਗਾ। 

ਦੱਸ ਦੇਈਏ ਕਿ 20 ਸਾਲਾ ਅੰਜਲੀ ਦੀ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਇਕ ਕਾਰ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਸੀ। ਅੰਜਲੀ ਕਾਰ ਦੇ ਹੇਠਾਂ ਫਸ ਗਈ ਸੀ। ਉਸ ਨੂੰ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਕਰੀਬ 12 ਕਿਲੋਮੀਟਰ ਤੱਕ ਘੜੀਸਿਆ ਗਿਆ ਸੀ। ਪੁਲਸ ਮੁਤਾਬਕ ਕਾਰ ਵਿਚ 5 ਲੋਕ ਪਾਰਟੀ ਕਰ ਰਹੇ ਸਨ, ਜਿਨ੍ਹਾਂ ਵਿਚੋਂ ਇਕ ਘਟਨਾ ਤੋਂ ਪਹਿਲਾਂ ਉਤਰ ਗਿਆ ਸੀ। 

ਕਾਰ ਵਿਚ ਸਵਾਰ ਦੋਸ਼ੀਆਂ ਨੂੰ ਹਾਦਸੇ ਦੇ ਕੁਝ ਮਿੰਟ ਬਾਅਦ ਪਤਾ ਲੱਗਾ ਕਿ ਅੰਜਲੀ ਉਨ੍ਹਾਂ ਦੀ ਕਾਰ ਦੇ ਹੇਠਾਂ ਫਸ ਗਈ ਹੈ। ਹਾਲਾਂਕਿ ਉਨ੍ਹਾਂ ਨੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਹ ਕਾਰ ਤੋਂ ਉਤਰਨਗੇ ਅਤੇ ਪੀੜਤ ਨੂੰ ਬਾਹਰ ਕੱਢਣਗੇ ਤਾਂ ਕੋਈ ਉਨ੍ਹਾਂ ਨੂੰ ਵੇਖ ਲਵੇਗਾ। ਪੁੱਛ-ਗਿੱਛ ਦੌਰਾਨ ਦੋਸ਼ੀ ਵਾਰ-ਵਾਰ ਬਿਆਨ ਵੀ ਬਦਲ ਰਹੇ ਹਨ। ਪੁਲਸ ਨੇ ਸ਼ੁਰੂ ਵਿਚ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਘਟਨਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਵਿਚ ਦੋ ਹੋਰ ਲੋਕਾਂ- ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।


author

Tanu

Content Editor

Related News