ਕਮਲੇਸ਼ ਤਿਵਾੜੀ ਕਤਲਕਾਂਡ : ਯੋਗੀ ਆਦਿੱਤਿਯਨਾਥ ਬੋਲੇ- ਦੋਸ਼ੀਆਂ ਨੂੰ ਛੱਡਾਂਗੇ ਨਹੀਂ

10/19/2019 4:28:25 PM

ਲਖਨਊ— ਕਮਲੇਸ਼ ਤਿਵਾੜੀ ਕਤਲਕਾਂਡ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮਨਜ਼ੂਰ ਨਹੀਂ ਹਨ। ਇਸ 'ਚ ਸ਼ਾਮਲ ਲੋਕਾਂ ਨੂੰ ਛੱਡਿਆ ਨਹੀਂ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਮਲੇਸ਼ ਤਿਵਾੜੀ ਦਾ ਪਰਿਵਾਰ ਉਨ੍ਹਾਂ ਨੂੰ ਮਿਲਣਾ ਚਾਹੇਗਾ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਯੋਗੀ ਨੇ ਕਿਹਾ ਕਿ ਉਹ ਸਾਰਿਆਂ ਨੂੰ ਮਿਲਦੇ ਹਨ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ 'ਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐੱਸ.ਆਈ.ਟੀ. ਨੂੰ ਇਸ ਕੇਸ ਦੀ ਜਾਂਚ ਸੌਂਪੀ ਗਈ ਹੈ। ਯੋਗੀ ਨੇ ਕਿਹਾ,''ਮੈਂ ਵੀ ਇਸ ਕੇਸ ਬਾਰੇ ਪੂਰਾ ਅਪਡੇਟ ਲਵਾਂਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ 'ਚ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ।''

ਪੁਲਸ ਨੇ ਕੀਤਾ 24 ਘੰਟੇ 'ਚ ਕੇਸ ਸੁਲਝਾਇਆ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਿੰਦੂ ਸਮਾਜ ਪਾਰਟੀ ਅਤੇ ਹਿੰਦੂ ਮਹਾਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦਾ ਸ਼ੁੱਕਰਵਾਰ ਨੂੰ ਬਦਮਾਸ਼ਾਂ ਨੇ ਦਿਨਦਿਹਾੜੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮਾਮਲੇ 'ਚ ਪੁਲਸ ਨੇ 24 ਘੰਟੇ 'ਚ ਹੀ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਮਾਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਹਮਲਾਵਰ ਮਠਿਆਈ ਦੇ ਡੱਬੇ 'ਚ ਹਥਿਆਰ ਲੁੱਕਾ ਕੇ ਲਿਆਏ ਸਨ।

ਮਠਿਆਈ ਦਾ ਡੱਬਾ ਸੀ ਇਸ ਕੇਸ 'ਚ ਅਹਿਮ ਸੁਰਾਗ
ਡੀ.ਜੀ.ਪੀ. ਓ.ਪੀ. ਸਿੰਘ ਨੇ ਦੱਸਿਆ ਕਿ ਮਠਿਆਈ ਦਾ ਡੱਬਾ ਇਸ ਕੇਸ 'ਚ ਸਭ ਤੋਂ ਅਹਿਮ ਸੁਰਾਗ ਸੀ। ਮਠਿਆਈ ਦੇ ਡੱਬੇ ਨੂੰ ਆਧਾਰ ਬਣਾਉਂਦੇ ਹੋਏ ਪੁਲਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਜਾਂਚ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਗੁਜਰਾਤ ਤੱਕ ਜਾ ਪਹੁੰਚੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਦੇ ਨਾਂ ਰਸ਼ੀਦ ਅਹਿਮਦ ਪਠਾਨ, ਮੌਲਾਨਾ ਮੋਹਸਿਨ ਸ਼ੇਖ ਅਤੇ ਫੈਜ਼ਾਨ ਹਨ।


DIsha

Content Editor

Related News