31ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹੇਗਾ ‘ਕਾਮੀ ਰੀਤਾ’, ਤੋੜੇਗਾ ਆਪਣਾ ਹੀ ਰਿਕਾਰਡ
Monday, Apr 21, 2025 - 12:37 AM (IST)

ਕਾਠਮੰਡੂ, (ਭਾਸ਼ਾ)- ਦੁਨੀਆ ਦੇ ਸਭ ਤੋਂ ਮਸ਼ਹੂਰ ਪਰਬਤਾਰੋਹੀ ਗਾਈਡਾਂ ’ਚੋਂ ਇਕ ਕਾਮੀ ਰੀਤਾ 31ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਨ ਦੀ ਕੋਸ਼ਿਸ਼ ਕਰੇਗਾ ਅਤੇ ਆਪਣਾ ਹੀ ਰਿਕਾਰਡ ਤੋੜੇਗਾ।
ਕਾਮੀ ਰੀਤਾ (55) ਐਤਵਾਰ ਨੂੰ ਕਾਠਮੰਡੂ ਤੋਂ ਮਾਊਂਟ ਐਵਰੈਸਟ ਲਈ ਰਵਾਨਾ ਹੋਇਆ। ਉਹ ਪਰਬਤਾਰੋਹੀਆਂ ਦੇ ਇਕ ਸਮੂਹ ਦੀ ਅਗਵਾਈ ਕਰੇਗਾ, ਜੋ ਬਸੰਤ ਦੇ ਮੌਸਮ ਦੌਰਾਨ 8,849 ਮੀਟਰ (29,032-ਫੁੱਟ) ਚੋਟੀ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ।
ਕਾਠਮੰਡੂ ਹਵਾਈ ਅੱਡੇ ’ਤੇ ਬੋਲਦਿਆਂ ਕਾਮੀ ਰੀਤਾ ਨੇ ਕਿਹਾ, ‘ਮੈਂ ਪਹਾੜ ’ਤੇ ਚੜ੍ਹਨ ਲਈ ਮਾਨਸਿਕ, ਭਾਵਨਾਤਮਕ ਅਤੇ ਸ਼ਰੀਰਕ ਤੌਰ ’ਤੇ ਤਿਆਰ ਹਾਂ।’ ਇਸ ਸਮੇਂ ਮੇਰੀ ਸ਼ਰੀਰਕ ਹਾਲਤ ਸਭ ਤੋਂ ਵਧੀਆ ਹੈ। ਕਾਮੀ ਰੀਤਾ ਦੇ ਨਾਂ ਸਭ ਤੋਂ ਵੱਧ 30 ਵਾਰ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਰਿਕਾਰਡ ਹੈ।