ਰਾਹੁਲ ਗਾਂਧੀ ਨੇ ਲਾਈ ਮੋਹਰ, ਕਮਲਨਾਥ ਹੋਣਗੇ ਮੱਧ ਪ੍ਰਦੇਸ਼ ਦੇ CM

12/13/2018 6:24:37 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਮਲਨਾਥ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ। ਕਮਲਨਾਥ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੱਲ ਭੋਪਾਲ ਵਿਚ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਕਮਲਨਾਥ ਦੇ ਨਾਂ 'ਤੇ ਆਮ ਸਹਿਮਤੀ ਬਣਨ ਪਿੱਛੋਂ ਫੈਸਲਾ ਰਾਹੁਲ ਗਾਂਧੀ 'ਤੇ ਛੱਡਿਆ ਗਿਆ ਸੀ। ਦੱਸਣਯੋਗ ਹੈ ਕਿ 11 ਦਸੰਬਰ ਨੂੰ 5 ਸੂਬਿਆਂ— ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਮਿਜ਼ੋਰਮ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ। ਕਾਂਗਰਸ ਨੇ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਜਿੱਤ ਹਾਸਲ ਕੀਤੀ। 

ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਕਮਲਨਾਥ ਅਤੇ ਜਯੋਤੀਰਾਦਿਤਿਆ ਸਿੰਧੀਆ ਵਿਚਾਲੇ ਖਿੱਚੋਤਾਣ ਸੀ। ਸਲਾਹ-ਮਸ਼ਵਰਾ ਅਤੇ ਨੇਤਾਵਾਂ ਦੀ ਰਾਏ ਲੈਣ ਮਗਰੋਂ ਰਾਹੁਲ ਗਾਂਧੀ ਨੇ ਕਮਲਨਾਥ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਕਿ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੋਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਮੱਧ ਪ੍ਰਦੇਸ਼ ਵਿਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਕਦਮ 'ਤੇ ਸਵਾਲ ਚੁੱਕੇ ਸਨ। ਕਮਲਨਾਥ ਦਾ ਨਾਂ 1984 ਸਿੱਖ ਦੰਗਿਆਂ 'ਚ ਸਾਹਮਣੇ ਆਉਂਦਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ 'ਤੇ 1984 ਦੇ ਕਾਤਲਾਂ ਨੂੰ ਬਚਾਉਣ ਦੇ ਦੋਸ਼ ਲਾਏ।


Tanu

Content Editor

Related News