ਕਮਲਨਾਥ ਬੋਲੇ- ਦੇਸ਼ ਨੂੰ ਬਰਬਾਦ ਕਰ ਦੇਵੇਗੀ ਹਵਾ ''ਚ ਚੱਲ ਰਹੀ ਹੈ ਮੋਦੀ ਸਰਕਾਰ
Thursday, Dec 10, 2020 - 10:41 AM (IST)
ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਸ਼ੋਸ਼ਣ ਦਾ ਕਾਨੂੰਨ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਵਾ 'ਚ ਚੱਲ ਰਹੀ ਹੈ ਅਤੇ ਪੂਰੇ ਦੇਸ਼ ਨੂੰ ਬਰਬਾਦ ਕਰ ਦੇਵੇਗੀ। ਕਮਲਨਾਥ ਨੇ ਇੱਥੇ ਬੁੱਧਵਾਰ ਦੇਰ ਰਾਤ ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਅੱਜ ਹਵਾ ਵਿਚ ਚੱਲ ਰਹੀ ਹੈ ਅਤੇ ਸਾਡੇ ਪੂਰੇ ਦੇਸ਼ ਨੂੰ ਬਰਬਾਦ ਕਰ ਦੇਵੇਗੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਸਮੇਤ 5 ਵਿਰੋਧੀ ਧਿਰ ਦੇ ਨੇਤਾਵਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ। ਇਸ ਬਾਰੇ ਪੁੱਛੇ ਗਏ ਸਵਾਲ 'ਤੇ ਕਮਲਨਾਥ ਨੇ ਕਿਹਾ ਕਿ ਰਾਸ਼ਟਰਪਤੀ ਦੀ ਭੂਮਿਕਾ ਸਰਕਾਰ ਨੂੰ ਸਲਾਹ ਦੇਣ ਦੀ ਹੁੰਦੀ ਹੈ। ਹੁਣ ਫ਼ੈਸਲਾ ਸਰਕਾਰ ਨੂੰ ਲੈਣਾ ਹੈ। ਸਰਕਾਰ ਨੂੰ ਖੇਤੀ ਖੇਤਰ ਦੀ ਹਕੀਕਤ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਅਰਥਵਿਵਸਥਾ ਖੇਤੀ ਆਧਾਰਿਤ ਹੈ ਅਤੇ ਜਦੋਂ ਤੱਕ ਇਸ ਖੇਤਰ ਵਿਚ ਆਰਥਿਕ ਮਜ਼ਬੂਤੀ ਨਹੀਂ ਹੋਵੇਗੀ, ਸਾਡੀ ਅਰਥਵਿਵਸਥਾ ਨਹੀਂ ਸੁਧਰ ਸਕਦੀ ਹੈ। ਕਮਲਨਾਥ ਨੇ ਕਿਹਾ ਕਿ ਅੱਜ ਸਾਡੀ ਸਭ ਤੋਂ ਵੱਡੀ ਤਰਜੀਹ ਇਹ ਹੋਣੀ ਚਾਹੀਦੀ ਹੈ ਕਿ ਕਿਸਾਨਾਂ ਨਾਲ ਨਿਆਂ ਹੋਵੇ ਅਤੇ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਮਿਲੇ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਹਨ। ਅੰਦੋਲਨ ਕਰ ਰਹੇ ਕਿਸਾਨਾਂ ਦਾ ਅੱਜ 15ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਸਰਕਾਰ ਨਾਲ 5 ਦੌਰ ਦੀ ਗੱਲਬਾਤ ਬੇਸਿੱਟਾ ਰਹੀ, ਇੱਥੋਂ ਤੱਕ ਕਿ ਕਿਸਾਨਾਂ ਨੇ ਕੇਂਦਰ ਦੀਆਂ ਲਿਖਤੀ ਤਜਵੀਜਾਂ ਨੂੰ ਮੰਨਣ ਤੋਂ ਵੀ ਕੋਰੀ ਨਾਂਹ ਕਰ ਦਿੱਤੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ