ਕਲਰਾਜ ਮਿਸ਼ਰਾ ਹਿਮਾਚਲ ਪ੍ਰਦੇਸ਼ ਦੇ ਗਵਰਨਰ ਨਿਯੁਕਤ
Monday, Jul 15, 2019 - 04:00 PM (IST)

ਸ਼ਿਮਲਾ- ਮੋਦੀ ਸਰਕਾਰ 'ਚ ਮੰਤਰੀ ਰਹੇ ਕਲਰਾਜ ਮਿਸ਼ਰਾ ਨੂੰ ਰਾਸ਼ਟਰਪਤੀ ਨੇ ਹਿਮਾਚਲ ਪ੍ਰਦੇਸ਼ ਦਾ ਗਵਰਨਰ ਨਿਯੁਕਤ ਕੀਤਾ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਗਵਰਨਰ ਆਚਾਰੀਆ ਦੇਵਵਰਤ ਦਾ ਤਬਾਦਲਾ ਕਰ ਕੇ ਗੁਜਰਾਤ ਦਾ ਗਵਰਨਰ ਬਣਾਇਆ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕਾਰਜਭਾਰ ਸੰਭਾਲਣ ਦੀ ਤਰੀਕ ਤੋਂ ਇਨ੍ਹਾਂ ਦੀ ਨਿਯੁਕਤੀ ਪ੍ਰਭਾਵੀ ਮੰਨੀ ਜਾਵੇਗੀ। ਲੋਕ ਸਭਾ ਚੋਣਾਂ 2019 'ਚ ਮੋਦੀ ਸਰਕਾਰ ਦੇ ਲਗਾਤਾਰ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਗਵਰਨਰ ਦੇ ਅਹੁਦੇ 'ਤੇ ਇਸ ਤਰ੍ਹਾਂ ਦੀ ਇਹ ਪਹਿਲੀ ਵੱਡੀ ਨਿਯੁਕਤੀ ਹੈ।
ਕਲਰਾਜ ਮਿਸ਼ਰਾ ਇਸ ਤੋਂ ਪਹਿਲਾਂ ਮੋਦੀ ਸਰਕਾਰ ਵਿਚ 2017 ਤੱਕ ਸੂਖਮ, ਲਘੂ ਅਤੇ ਉੱਦਮ ਮੰਤਰੀ ਰਹੇ। ਉਹ 3 ਵਾਰ ਰਾਜ ਸਭਾ ਮੈਂਬਰ ਰਹੇ। ਉਨ੍ਹਾਂ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਪਾਰਟੀ ਨੇ ਕਈ ਹੋਰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ, ਲਿਹਾਜਾ ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਚੋਣ ਨਹੀਂ ਲੜਨਗੇ। ਉੱਥੇ ਹੀ ਆਚਾਰੀਆ ਦੇਵਵਰਤ ਗੈਰ-ਸਿਆਸਤ ਪਿੱਠਭੂਮੀ ਤੋਂ ਆਉਂਦੇ ਹਨ। ਉਹ 2015 'ਚ ਹਿਮਾਚਲ ਪ੍ਰਦੇਸ਼ ਦੇ ਗਵਰਨਰ ਨਿਯੁਕਤ ਹੋਏ ਸਨ। ਉਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ 'ਚ ਗੁਰੂਕੁਲ ਦੇ ਪ੍ਰਿੰਸੀਪਲ ਰਹੇ। ਆਰੀਆ ਸਮਾਜ ਪ੍ਰਚਾਰਕ ਦੇ ਰੂਪ ਵਿਚ ਉਨ੍ਹਾਂ ਨੇ ਕਿਸਾਨਾਂ, ਨਸ਼ਾ-ਮੁਕਤ ਸਮਾਜ, ਪਿੰਡਾਂ ਦੇ ਜੀਵਨ ਪੱਧਰ ਦੇ ਵਿਕਾਸ, ਆਯੂਵੇਦ, ਨੇਚੁਰੋਪੈਥੀ ਅਤੇ ਜੈਵਿਕ ਖੇਤੀ ਸਮੇਤ ਕਈ ਸਮਾਜਿਕ ਮੁੱਦਿਆਂ ਲਈ ਕੰਮ ਕੀਤਾ ਹੈ।