ਮਹਾਤਮਾ ਗਾਂਧੀ ’ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਣ ਨੂੰ ਮਿਲੀ ਜ਼ਮਾਨਤ
Friday, Jan 28, 2022 - 11:12 AM (IST)
ਠਾਣੇ– ਰਾਸ਼ਟਰ ਪਿਤਾ ਮਹਾਤਮਾ ਗਾਂਧੀ ਖਿਲਾਫ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਣ ਮਹਾਰਾਜ ਨੂੰ ਠਾਣੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਜੁਡੀਸ਼ੀਅਲ ਮਜਿਸਟ੍ਰੇਟ ਪਹਿਲੀ ਸ਼੍ਰੇਣੀ ਐੱਸ. ਵੀ. ਮੇਟਿਲ ਪਾਟਿਲ ਨੇ 15,000 ਰੁਪਏ ਦੀ ਨਕਦ ਜ਼ਮਾਨਤ ’ਤੇ ਕਾਲੀਚਰਣ ਮਹਾਰਾਜ ਦੀ ਰਿਹਾਈ ਦਾ ਹੁਕਮ ਦਿੱਤਾ।
ਕਾਲੀਚਰਣ ਨੂੰ ਧਰਮ ਸੰਸਦ ’ਚ ਵਿਵਾਦਿਤ ਭਾਸ਼ਣ ਦੇਣ ਦੇ ਮਾਮਲੇ ’ਚ ਪਿਛਲੇ ਹਫਤੇ ਠਾਣੇ ਪੁਲਸ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਸਤੋਂ ਬਾਅਦ ਕਾਲੀਚਰਣ ਮਹਾਰਾਜ ਨੂੰ 14 ਦਿਨਾਂ ਲਈ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਜਿਸਤੋਂ ਬਾਅਦ ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ।
ਅਦਾਲਤ ਨੇ ਕਾਲੀਚਰਣ ਨੂੰ ਕਿਹ ਕਿ ਉਹ ਪੁਲਸ ਨੂੰ ਜਾਂਚ ’ਚ ਸਹਿਯੋਗ ਕਰੇ ਅਤੇ ਪੁਲਸ ਨੂੰ ਆਪਣਾ ਰਿਹਾਇਸ਼ੀ ਪਤਾ ਅਤੇ ਸੰਪਰਕ ਵੇਰਵਾ ਦੇਵੇ ਤਾਂ ਜੋ ਉਸ ਨਾਲ ਗੱਲ ਕੀਤੀ ਜਾ ਸਕੇ। ਮਹਾਰਾਜ ਖ਼ਿਲਾਫ਼ ਠਾਣੇ ਸ਼ਹਿਰ ਦੇ ਨੌਪਾੜਾ ਪੁਲਸ ਥਾਣੇ ’ਚ ਮਾਮਲਾ ਦਰਜ ਹੈ।