ਦੂਸ਼ਿਤ ਪਾਣੀ ਦੇ ਸਵਾਲ ’ਤੇ ਭੜਕੇ ਮੰਤਰੀ, ‘ਇਤਰਾਜ਼ਯੋਗ ਸ਼ਬਦ’ ਬੋਲੇ- ਵੀਡੀਓ ਵਾਇਰਲ ਹੋਣ ’ਤੇ ਮੰਗੀ ਮੁਆਫੀ
Thursday, Jan 01, 2026 - 10:14 PM (IST)
ਇੰਦੌਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸੀਨੀਅਰ ਮੰਤਰੀ ਅਤੇ ਸ਼ਹਿਰੀ ਵਿਕਾਸ ਤੇ ਰਿਹਾਇਸ਼ ਵਿਭਾਗ ਦੇ ਇੰਚਾਰਜ ਕੈਲਾਸ਼ ਵਿਜੇਵਰਗੀਯ ਦੂਸ਼ਿਤ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਲੈ ਕੇ ਇਕ ਵੱਡੇ ਵਿਵਾਦ ’ਚ ਫਸ ਗਏ ਹਨ। ਇੰਦੌਰ ਦੇ ਭਾਗੀਰਥਪੁਰਾ ਖੇਤਰ ’ਚ ਫੈਲੇ ਡਾਇਰੀਆ ਦੇ ਪ੍ਰਕੋਪ ਨੂੰ ਲੈ ਕੇ ਇਕ ਟੀ. ਵੀ. ਪੱਤਰਕਾਰ ਦੇ ਸਵਾਲ ’ਤੇ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ।
ਘਟਨਾ ਉਸ ਸਮੇਂ ਹੋਈ ਜਦੋਂ ਮੰਤਰੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਕੇ ਵਾਪਸ ਆ ਰਹੇ ਸਨ। ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾਉਣ ਵਾਲੇ ਪੀੜਤਾਂ ਦੇ ਖਰਚੇ ਦੀ ਭਰਪਾਈ ਕਿਉਂ ਨਹੀਂ ਕੀਤੀ ਗਈ ਅਤੇ ਖੇਤਰ ’ਚ ਹੁਣ ਤੱਕ ਸਾਫ਼ ਪੀਣ ਵਾਲੇ ਪਾਣੀ ਦੀ ਬਦਲਵੀਂ ਵਿਵਸਥਾ ਕਿਉਂ ਨਹੀਂ ਹੋ ਸਕੀ। ਸਵਾਲ ਤੋਂ ਨਾਰਾਜ਼ ਮੰਤਰੀ ਨੇ ਪਹਿਲਾਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਜੇਵਰਗੀਯ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰ ਕੇ ਮੁਆਫੀ ਮੰਗੀ ਹੈ। ਇਸ ਮੁੱਦੇ ’ਤੇ ਕਾਂਗਰਸ ਨੇ ਸਰਕਾਰ ਨੂੰ ਘੇਰਿਆ ਹੈ। ਪ੍ਰਦੇਸ਼ ਪ੍ਰਧਾਨ ਜੀਤੂ ਪਟਵਾਰੀ ਨੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤੱਕ 4 ਲੋਕਾਂ ਦੀ ਮੌਤ ਅਤੇ 212 ਮਰੀਜ਼ਾਂ ਦੇ ਦਾਖ਼ਲ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਸਥਾਨਕ ਲੋਕ ਮ੍ਰਿਤਕਾਂ ਦੀ ਗਿਣਤੀ 14 ਦੱਸ ਰਹੇ ਹਨ।
