ਖਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਦੇ ਡੇਢ ਹਜ਼ਾਰ ਸ਼ਰਧਾਲੂ ਫਸੇ, 250 ਬਚਾਏ
Wednesday, Jul 04, 2018 - 03:56 AM (IST)
ਨਵੀਂ ਦਿੱਲੀ/ਕਾਠਮੰਡ— ਨੇਪਾਲ ਦੇ ਰਸਤੇ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾਣ ਵਾਲੇ ਡੇਢ ਹਜ਼ਾਰ ਤੋਂ ਵੱਧ ਭਾਰਤੀ ਸ਼ਰਧਾਲੂ ਨੇਪਾਲ-ਚੀਨ ਦੀ ਸਰਹੱਦ ਦੇ ਦੋਹੀਂ ਪਾਸੀਂ ਫਸ ਗਏ ਹਨ। ਇਸ ਦੌਰਾਨ 250 ਸ਼ਰਧਾਲੂਆਂ ਨੂੰ ਹਿਲਸਾ ਤੋਂ ਮੰਗਲਵਾਰ ਨੂੰ ਕੱਢ ਲਿਆ ਗਿਆ ਹੈ। ਭਾਰਤੀ ਦੂਤਘਰ ਨੇ ਇਨ੍ਹਾਂ ਸ਼ਰਧਾਲੂਆਂ ਦੀ ਮਦਦ ਲਈ ਇਕ ਟੀਮ ਤਾਇਨਾਤ ਕੀਤੀ ਹੈ, ਜੋ ਉਨ੍ਹਾਂ ਦੇ ਭੋਜਨ, ਠਹਿਰਨ, ਡਾਕਟਰੀ ਮਦਦ ਦੇਣ ਅਤੇ ਉਥੋਂ ਜਲਦੀ ਕੱਢਣ ਦੇ ਪ੍ਰਬੰਧਾਂ 'ਚ ਜੁਟ ਗਈ ਹੈ। ਇਨ੍ਹਾਂ ਵਿਚੋਂ 2 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿਚੋਂ ਇਕ ਆਂਧਰਾ ਪ੍ਰਦੇਸ਼ ਅਤੇ ਦੂਜਾ ਕੇਰਲ ਦਾ ਸ਼ਰਧਾਲੂ ਹੈ।
ਸਰਕਾਰੀ ਸੂਤਰਾਂ ਨੇ ਮੰਗਲਵਾਰ ਦੱਸਿਆ ਕਿ ਵਿਦੇਸ਼ ਮੰਤਰਾਲਾ ਦੀਆਂ ਹਦਾਇਤਾਂ 'ਤੇ ਕਾਠਮੰਡੂ ਸਥਿਤ ਭਾਰਤੀ ਦੂਤਘਰ ਨੇ ਪੂਰੇ ਹਾਲਾਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ 525 ਸ਼ਰਧਾਲੂ ਸਿਮੀਕੋਟ 'ਚ, 550 ਹਿਲਸਾ ਅਤੇ 500 ਹੋਰ ਤਿੱਬਤ ਵਾਲੇ ਪਾਸੇ ਫਸੇ ਹੋਏ ਹਨ। 8 ਅਧਿਕਾਰੀਆਂ ਦੀ ਟੀਮ 'ਚ 4 ਅਧਿਕਾਰੀ ਫਸੇ ਸ਼ਰਧਾਲੂਆਂ ਦੀ ਬੋਲੀ ਨੂੰ ਸਮਝਣ ਵਾਲੇ ਨਿਯੁਕਤ ਕੀਤੇ ਗਏ ਹਨ। ਇਹ ਅਧਿਕਾਰੀ ਕੰਨੜ, ਤੇਲਗੂ, ਤਮਿਲ ਅਤੇ ਮਲਿਆਲਮ ਭਾਸ਼ਾ ਬੋਲ ਤੇ ਸਮਝ ਸਕਦੇ ਹਨ। ਵਧੇਰੇ ਸ਼ਰਧਾਲੂ ਦੱਖਣੀ ਭਾਰਤ ਨਾਲ ਸਬੰਧਤ ਦੱਸੇ ਗਏ ਹਨ।
