ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਸਿੰਧੀਆ ’ਤੇ ਬੋਲੇ ਰਾਹੁਲ- ਭਾਜਪਾ ’ਚ ਨਹੀਂ ਮਿਲੇਗਾ ਸਨਮਾਨ

03/12/2020 5:55:44 PM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਿਓਤਿਰਾਦਿਤਿਆ ਸਿੰਧੀਆ ਨੂੰ ਲੈ ਕੇ ਬਿਆਨ ਦਿੱਤਾ ਹੈ। ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੂੰ ਭਾਜਪਾ ’ਚ ਸਨਮਾਨ ਨਹੀਂ ਮਿਲੇਗਾ, ਉਹ ਸੰਤੁਸ਼ਟ ਨਹੀਂ ਹੋਣਗੇ। ਸਿੰਧੀਆ ਨੂੰ ਇਸ ਦਾ ਅਹਿਸਾਸ ਬਾਅਦ ’ਚ ਹੋਵੇਗਾ, ਮੈਨੂੰ ਪਤਾ ਹੈ ਕਿਉਂਕਿ ਮੈਂ ਲੰਬੇ ਸਮੇਂ ਤੋਂ ਉਨ੍ਹਾਂ ਦਾ ਦੋਸਤ ਹਾਂ। ਸਿੰਧੀਆ ਦੇ ਦਿਲ ’ਚ ਕੁਝ ਹੋਰ ਹੈ ਅਤੇ ਜ਼ੁਬਾਨ ’ਤੇ ਕੁਝ ਹੋਰ। ਇਹ ਵਿਚਾਰਧਾਰਾ ਦੀ ਲੜਾਈ ਹੈ। ਇਕ ਪਾਸੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੈ, ਦੂਜੇ ਪਾਸੇ ਭਾਜਪਾ-ਆਰ. ਐੱਸ. ਐੱਸ. ਦੀ ਵਿਚਾਰਧਾਰਾ ਹੈ। ਸਿੰਧੀਆ ਦੀ ਵਿਚਾਰਾਧਾਰ ਮੈਂ ਜਾਣਦਾ ਹਾਂ, ਉਨ੍ਹਾਂ ਨੂੰ ਆਪਣੇ ਸਿਆਸੀ ਭਵਿੱਖ ਦਾ ਡਰ ਸੀ, ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਆਪਣੀ ਜੇਬ ’ਚ ਰੱਖਿਆ ਅਤੇ ਆਰ. ਐੱਸ. ਐੱਸ. ਨਾਲ ਚੱਲੇ ਗਏ। 

ਦੱਸਣਯੋਗ ਹੈ ਕਿ ਲੰਬੇ ਸਮੇਂ ਤਕ ਕਾਂਗਰਸ ’ਚ ਰਹੇ ਸਿੰਧੀਆ ਨੇ ਮੰਗਲਵਾਰ ਭਾਵ ਹੋਲੀ ਵਾਲੇ ਦਿਨ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਦਾ ਪੱਲਾ ਫੜ ਲਿਆ। ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨਾਲ ਅੰਦਰੂਨੀ ਬਗਾਵਤ ਕਾਰਨ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ। ਉਹ ਮੁੱਖ ਮੰਤਰੀ ਕਮਲਨਾਥ ਸਰਕਾਰ ਨਾਲ ਨਾਰਾਜ਼ ਚੱਲ ਰਹੇ ਸਨ। ਸਿੰਧੀਆ ਦੇ ਨਾਲ-ਨਾਲ 22 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਹਨ, ਜਿਸ ਕਾਰਨ 14 ਮਹੀਨੇ ਪੁਰਾਣੀ ਕਮਲਨਾਥ ਸਰਕਾਰ ਘੱਟ ਗਿਣਤੀ ’ਚ ਆ ਗਈ ਹੈ। 
ਦਰਅਸਲ ਕਾਂਗਰਸ ’ਚ ਸਿੰਧੀਆ ਬਿਲਕੁੱਲ ਹੀ ਅਲੱਗ-ਥਲੱਗ ਪੈ ਗਏ ਸਨ। ਪਾਰਟੀ ਨਾ ਤਾਂ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਦੇਣ ਨੂੰ ਤਿਆਰ ਸੀ ਅਤੇ ਨਾ ਹੀ ਰਾਜ ਸਭਾ ਭੇਜਣ ਨੂੰ। ਅਜਿਹੇ ਵਿਚ ਸਿੰਧੀਆ ਕੋਲ ਕੋਈ ਰਸਤਾ ਨਹੀਂ ਬਚਿਆ ਸੀ। ਆਖਰਕਾਰ ਉਨ੍ਹਾਂ ਨੇ 10 ਮਾਰਚ 2020 ਨੂੰ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। 

ਇਹ ਵੀ ਪੜ੍ਹੋ : ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ
 


Tanu

Content Editor

Related News