ਜਸਟਿਸ ਗਵਈ ਹੋਣਗੇ ਦੇਸ਼ ਦੇ ਨਵੇਂ ਚੀਫ਼ ਜਸਟਿਸ, 14 ਮਈ ਸੰਭਾਲਣਗੇ SC ਦਾ ਕੰਮ
Wednesday, Apr 16, 2025 - 04:06 PM (IST)

ਨਵੀਂ ਦਿੱਲੀ- ਜਸਟਿਸ ਬੀ. ਆਰ. ਗਵਈ ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋਣਗੇ। ਇਹ ਐਲਾਨ ਮੌਜੂਦਾ ਚੀਫ਼ ਜਸਟਿਸ ਸੰਜੀਵ ਖੰਨਾ ਨੇ ਬੁੱਧਵਾਰ ਯਾਨੀ ਕਿ ਅੱਜ ਕੀਤਾ। ਜਸਟਿਸ ਖੰਨਾ ਨੇ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਮੋਸਟ ਜੱਜ ਬੀ. ਆਰ. ਗਵਈ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਸਿਫਾਰਿਸ਼ ਕੀਤੀ। ਜਸਟਿਸ ਗਵਈ ਭਾਰਤ ਦੇ 52ਵੇਂ ਚੀਫ਼ ਜਸਟਿਸ ਬਣਨਗੇ। ਬੀ. ਆਰ. ਗਵਈ 14 ਮਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ।
ਦੱਸ ਦੇਈਏ ਕਿ ਜਸਟਿਸ ਡੀ. ਵਾਈ. ਚੰਦਰਚੂੜ ਦੇ 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਣ ਮਗਰੋਂ ਜਸਟਿਸ ਖੰਨਾ ਨੇ ਨਵੰਬਰ 2024 ਵਿਚ ਚੀਫ਼ ਜਸਟਿਸ ਦਾ ਅਹੁਦਾ ਸੰਭਾਲਿਆ ਸੀ। ਜਸਟਿਸ ਗਵਈ ਲੱਗਭਗ 6 ਮਹੀਨੇ ਤੱਕ ਭਾਰਤ ਦੇ ਚੀਫ਼ ਜਸਟਿਸ ਰਹਿਣਗੇ। ਉਨ੍ਹਾਂ ਨੂੰ ਅਗਸਤ 1992 'ਚ ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਵਿਚ ਸਹਾਇਕ ਸਰਕਾਰੀ ਵਕੀਲ ਅਤੇ ਵਧੀਕ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ। ਸਾਲ 2000 ਵਿਚ ਉਨ੍ਹਾਂ ਨੂੰ ਨਾਗਪੁਰ ਬੈਂਚ ਲਈ ਸਰਕਾਰੀ ਵਕੀਲ ਅਤੇ ਵਧੀਕ ਵਕੀਲ ਲਈ ਨਾਮਜ਼ਦ ਕੀਤਾ ਗਿਆ। ਜਸਟਿਸ ਗਵਈ 2003 'ਚ ਹਾਈ ਕੋਰਟ ਦੇ ਵਧੀਕ ਜੱਜ ਅਤੇ 2005 'ਚ ਸਥਾਈ ਜੱਜ ਬਣੇ। 2019 ਵਿਚ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ।