ਇਸ ਭਾਰਤੀ ਵਪਾਰੀ ਨੇ ਚੀਨ ਨੂੰ ਦਿੱਤਾ 3000 ਕਰੋਡ਼ ਦਾ ਵੱਡਾ ਝਟਕਾ
Friday, Jul 03, 2020 - 12:47 AM (IST)
ਨਵੀਂ ਦਿੱਲੀ - ਗਲਵਾਨ ਘਾਟੀ ਵਿਵਾਦ ਚੀਨ ਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ। #BoycottChina ਮੁਹਿੰਮ ਹੁਣ ਆਪਣੇ ਰੰਗ 'ਚ ਆ ਰਹੀ ਹੈ। ਦੇਸ਼ ਦੇ ਵੱਡੇ-ਵੱਡੇ ਬਿਜਨਸਮੈਨ ਵੀ ਇਸ ਮੁਹਿੰਮ 'ਚ ਸ਼ਾਮਲ ਹੋਣ ਲੱਗੇ ਹਨ। ਵੱਖ-ਵੱਖ ਖੇਤਰਾਂ 'ਚ ਕੰਮ ਕਰਣ ਵਾਲੀ ਕੰਪਨੀ JSW ਗਰੁੱਪ ਨੇ ਸਰਹੱਦ 'ਤੇ ਜਾਰੀ ਤਣਾਅ ਵਿਚਾਲੇ ਚੀਨ ਤੋਂ 40 ਕਰੋਡ਼ ਡਾਲਰ (ਕਰੀਬ 3000 ਕਰੋਡ਼) ਦੇ ਆਯਾਤ ਨੂੰ ਅਗਲੇ 24 ਮਹੀਨੇ 'ਚ ਜ਼ੀਰੋ 'ਤੇ ਲਿਆਉਣ ਦਾ ਫੈਸਲਾ ਕੀਤਾ ਹੈ।
ਪਾਰਥ ਜਿੰਦਲ ਨੇ ਟਵੀਟ ਕਰ ਕੀਤਾ ਐਲਾਨ
ਗਰੁੱਪ ਦੇ ਸਹਿਯੋਗੀ ਇਕਾਈ JSW ਸੀਮੈਂਟ ਦੇ ਮੈਨੇਜਿੰਗ ਡਾਇਰੈਕਟਰ ਪਾਰਥ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੇ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹੋਏ ਹਾਲੀਆ ਟਕਰਾਅ ਕਾਰਨ ਇਹ ਫੈਸਲਾ ਲਿਆ ਹੈ। 14 ਅਰਬ ਡਾਲਰ ਦੀ ਕੰਪਨੀ JSW ਗਰੁੱਪ ਦੀ ਮਲਕੀਅਤ ਪਾਰਥ ਦੇ ਪਿਤਾ ਸੱਜਨ ਜਿੰਦਲ ਕੋਲ ਹੈ। ਇਹ ਗਰੁੱਪ ਸਟੀਲ, ਊਰਜਾ, ਸੀਮੈਂਟ ਅਤੇ ਬੁਨਿਆਦੀ ਸੰਰਚਨਾ ਵਰਗੇ ਮੁੱਖ ਖੇਤਰਾਂ 'ਚ ਕੰਮ ਕਰਦਾ ਹੈ।
ਸਾਲਾਨਾ 40 ਕਰੋਡ਼ ਡਾਲਰ ਦਾ ਚੀਨੀ ਆਯਾਤ
ਪਾਰਥ ਨੇ ਇੱਕ ਟਵੀਟ 'ਚ ਕਿਹਾ ਕਿ JSW ਗਰੁੱਪ ਚੀਨ ਤੋਂ ਸਾਲਾਨਾ 40 ਕਰੋਡ਼ ਡਾਲਰ ਦਾ ਆਯਾਤ ਕਰਦਾ ਹੈ। ਹੁਣ ਇਸ ਨੂੰ ਬੰਦ ਕਰਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ #BoycottChina ਦੇ ਨਾਲ ਕਿਹਾ, ਚੀਨ ਦੇ ਫੌਜੀਆਂ ਵੱਲੋਂ ਸਾਡੇ ਜਵਾਨਾਂ 'ਤੇ ਬਿਨਾਂ ਕਾਰਣ ਕੀਤਾ ਗਿਆ ਹਮਲਾ ਅੱਖਾਂ ਖੋਲ੍ਹਣ ਵਾਲਾ ਹੈ ਅਤੇ ਸਪੱਸ਼ਟ ਕਾਰਵਾਈ ਦੀ ਜ਼ਰੂਰਤ ਦੱਸਦਾ ਹੈ। ਅਸੀਂ (ਜੇ.ਐੱਸ.ਡਬਲਿਊ. ਸਮੂਹ) ਚੀਨ ਤੋਂ ਸਾਲਾਨਾ 40 ਕਰੋਡ਼ ਡਾਲਰ ਦਾ ਸ਼ੁੱਧ ਆਯਾਤ ਕਰਦੇ ਹਾਂ। ਅਸੀਂ ਇਸ ਨੂੰ ਅਗਲੇ 24 ਮਹੀਨੇ 'ਚ ਜ਼ੀਰੋ 'ਤੇ ਲਿਆਉਣ ਦਾ ਸੰਕਲਪ ਲੈਂਦੇ ਹਾਂ। ਕੰਪਨੀ ਦੇ ਇੱਕ ਅਧਿਕਾਰੀ ਨੇ ਅੰਦਾਜਾ ਲਗਾਇਆ ਕਿ ਕੰਪਨੀ ਦੇ ਸਟੀਲ ਅਤੇ ਊਰਜਾ ਪੇਸ਼ੇ ਲਈ 70-80 ਫ਼ੀਸਦੀ ਆਯਾਤ ਹੁੰਦਾ ਹੈ, ਜਿਸ 'ਚ ਮਸ਼ੀਨਰੀ ਅਤੇ ਸਾਂਭ ਸੰਭਾਲ ਦੇ ਉਪਕਰਣ ਸ਼ਾਮਲ ਹਨ।
ਸਾਰੇ ਟੈਂਡਰ ਰੱਦ ਕੀਤੇ ਗਏ
ਭਾਰਤ ਸਰਕਾਰ ਵੱਲੋਂ ਵੀ ਚੀਨ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨੀ ਕੰਪਨੀ ਨੂੰ ਹੁਣ ਹਾਈਵੇ ਪ੍ਰਾਜੈਕਟ ਨਹੀਂ ਮਿਲਣਗੇ। ਜੇਕਰ ਇਸ ਸਮੇਂ ਕਿਸੇ ਪ੍ਰਾਜੈਕਟ 'ਚ ਚੀਨੀ ਕੰਪਨੀ ਹੋਵੇਗੀ ਤਾਂ ਟੈਂਡਰ ਰੱਦ ਕਰ ਦੁਬਾਰਾ ਟੈਂਡਰ ਜਾਰੀ ਕੀਤਾ ਜਾਵੇਗਾ। ਇਸ ਦੇ ਇਲਾਵਾ BSNL ਨੇ 4ਜੀ ਅਪਗ੍ਰੇਡੇਸ਼ਨ ਟੈਂਡਰ ਰੱਦ ਕਰ ਦਿੱਤਾ ਹੈ। ਰੇਲਵੇ ਨੇ ਥਰਮਲ ਕੈਮਰੇ ਦਾ ਟੈਂਡਰ ਰੱਦ ਕੀਤਾ ਹੈ। ਬਿਹਾਰ 'ਚ ਪਟਨਾ ਗਾਂਧੀ ਪੁੱਲ ਨਿਰਮਾਣ ਦਾ ਟੈਂਡਰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ 'ਚ ਦਰਜਨਾਂ ਟੈਂਡਰ ਰੱਦ ਕੀਤੇ ਗਏ ਹਨ, ਜਿਸ 'ਚ ਚੀਨੀ ਕੰਪਨੀਆਂ ਦਾ ਪੈਸਾ ਲੱਗਾ ਹੈ।