ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦੇ ਸਿਆਸੀ ਸਫਰ ''ਤੇ ਇਕ ਝਾਤ

01/20/2020 3:35:28 PM

ਨਵੀਂ ਦਿੱਲੀ— ਭਾਜਪਾ ਲਈ ਸੋਮਵਾਰ ਦਾ ਦਿਨ ਬੇਹੱਦ ਖਾਸ ਰਿਹਾ। ਅੱਜ ਭਾਜਪਾ ਨੂੰ ਨਵਾਂ ਪਾਰਟੀ ਪ੍ਰਧਾਨ ਮਿਲ ਗਿਆ ਹੈ। ਜੇ. ਪੀ. ਨੱਢਾ ਯਾਨੀ ਕਿ ਜਗਤ ਪ੍ਰਕਾਸ਼ ਨੱਢਾ ਨੂੰ ਭਾਜਪਾ ਨੇ ਨਵਾਂ ਪ੍ਰਧਾਨ ਚੁਣ ਲਿਆ ਹੈ। ਪਾਰਟੀ ਦੇ ਰਾਸ਼ਟਰੀ ਚੋਣ ਅਧਿਕਾਰੀ ਰਾਧਾਮੋਹਨ ਸਿੰਘ ਨੇ ਜੇ. ਪੀ. ਨੱਢਾ ਨੂੰ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਜੇ. ਪੀ. ਨੱਢਾ 2019 ਤੋਂ 2022 ਲਈ ਪ੍ਰਧਾਨ ਚੁਣੇ ਗਏ ਹਨ। ਇੱਥੇ ਦੱਸ ਦੇਈਏ ਕਿ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਹੀ ਜੇ. ਪੀ. ਨੱਢਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਸੰਭਾਲ ਰਹੇ ਸਨ। 

ਆਓ ਜਾਣਦੇ ਹਾਂ ਕਿਹੋ ਜਿਹਾ ਰਿਹਾ ਜੇ. ਪੀ. ਨੱਢਾ ਦਾ ਸਿਆਸੀ ਸਫਰ—
ਮੂਲ ਰੂਪ ਤੋਂ ਹਿਮਾਚਲੀ ਅਤੇ ਬਿਹਾਰ ਵਿਚ ਜਨਮੇ ਜੇ. ਪੀ. ਨੱਢਾ ਲੰਬੇ ਸਮੇਂ ਤੋਂ ਭਾਜਪਾ ਦੇ ਰਾਸ਼ਟਰੀ ਰਾਜਨੀਤੀ ਦਾ ਹਿੱਸਾ ਹਨ। ਉਨ੍ਹਾਂ ਦਾ ਜਨਮ 2 ਦਸੰਬਰ 1960 ਨੂੰ ਪਟਨਾ ਵਿਚ ਹੋਇਆ। ਪਟਨਾ 'ਚ ਹੀ ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਬੀ.ਏ. ਤਕ ਦੀ ਪੜ੍ਹਾਈ ਕੀਤੀ। ਉੱਥੇ ਹੀ ਉਹ ਆਰ. ਐੱਸ. ਐੱਸ. ਦੇ ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ. ਨਾਲ ਜੁੜੇ ਸਨ। ਇਸ ਤੋਂ ਬਾਅਦ ਉਹ ਆਪਣੇ ਗ੍ਰਹਿ ਸੂਬੇ ਹਿਮਾਚਲ ਪਰਤੇ ਅਤੇ ਐੱਲ. ਐੱਲ. ਬੀ. ਕੀਤੀ। ਹਿਮਾਚਲ ਯੂਨੀਵਰਸਿਟੀ 'ਚ ਪੜ੍ਹਾਈ ਦੌਰਾਨ ਉਹ ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਰਹੇ ਅਤੇ ਫਿਰ ਭਾਜਪਾ 'ਚ ਐਂਟਰੀ ਲਈ। ਉਹ ਤਿੰਨ ਵਾਰ ਭਾਜਪਾ ਦੀ ਟਿਕਟ 'ਤੇ ਹਿਮਾਚਲ ਵਿਧਾਨ ਸਭਾ ਪੁੱਜੇ। 1993-1998, 1998 ਤੋਂ 2003 ਅਤੇ ਫਿਰ 2007 ਤੋਂ 2012 ਤਕ ਉਹ ਵਿਧਾਇਕ ਰਹੇ। ਇੰਨਾ ਹੀ ਨਹੀਂ 1994 ਤੋਂ 1998 ਤਕ ਉਹ ਪ੍ਰਦੇਸ਼ ਦੀ ਵਿਧਾਨ ਸਭਾ 'ਚ ਭਾਜਪਾ ਵਿਧਾਇਕ ਦਲ ਦੇ ਨੇਤਾ ਵੀ ਰਹੇ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਰਹੇ—
ਜੇ. ਪੀ. ਨੱਢਾ ਨੂੰ ਪਹਿਲੀ ਅਹਿਮ ਜ਼ਿੰਮੇਵਾਰੀ 2008 'ਚ ਮਿਲੀ, ਜਦੋਂ ਉਹ ਪ੍ਰੇਮ ਕੁਮਾਰ ਧੂਮਲ ਸਰਕਾਰ 'ਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਣੇ। 

1991 ਤੋਂ ਹੀ ਨਰਿੰਦਰ ਮੋਦੀ ਦੇ ਕਰੀਬੀ—
ਜੇ. ਪੀ. ਨੱਢਾ ਨੂੰ ਪਖਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਲੋਕਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਸ਼ਾਇਹ ਇਹ ਵੀ ਹੈ ਕਿ 1991 'ਚ ਜਿਸ ਦੌਰ 'ਚ ਜੇ. ਪੀ. ਨੱਢਾ ਯੁਵਾ ਮੋਰਚਾ ਦੀ ਕਮਾਨ ਸੰਭਾਲ ਰਹੇ ਸਨ, ਤਾਂ ਪੀ. ਐੱਮ. ਮੋਦੀ ਪਾਰਟੀ ਦੇ ਜਨਰਲ ਸਕੱਤਰ ਸਨ। ਮੰਨਿਆ ਜਾਂਦਾ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਉਦੋਂ ਤੋਂ ਕਾਫੀ ਨੇੜਤਾ ਹੈ। ਫਿਰ ਜਦੋਂ ਨਰਿੰਦਰ ਮੋਦੀ ਦਾ ਕੱਦ ਰਾਸ਼ਟਰੀ ਰਾਜਨੀਤੀ ਵਿਚ ਵਧਿਆ ਤਾਂ ਜੇ. ਪੀ. ਨੱਢਾ ਨੇ ਵੀ ਉਨ੍ਹਾਂ ਨਾਲ ਲਗਾਤਾਰ ਉੱਚਾਈਆਂ ਹਾਸਲ ਕੀਤੀ। 

2010 'ਚ ਦਿੱਲੀ ਦੀ ਰਾਜਨੀਤੀ ਵਿਚ ਆਏ—
ਹਿਮਾਚਲ ਪ੍ਰਦੇਸ਼ ਵਿਚ ਵਿਧਾਇਕ ਅਤੇ ਮੰਤਰੀ ਤਕ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਜੇ. ਪੀ. ਨੱਢਾ ਪਹਿਲੀ ਵਾਰ 2010 ਵਿਚ ਦਿੱਲੀ ਦੀ ਰਾਜਨੀਤੀ ਵਿਚ ਆਏ, ਜਦੋਂ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 

2019 'ਚ ਜੇ. ਪੀ. ਨੱਢਾ ਕਾਰਜਕਾਰੀ ਪ੍ਰਧਾਨ ਬਣੇ—
ਸਾਲ 2019 'ਚ ਨਰਿੰਦਰ ਮੋਦੀ ਸਰਕਾਰ ਮੁੜ ਸੱਤਾ ਵਿਚ ਆਈ ਅਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਦਿੱਤਾ ਗਿਆ। ਇਸ ਸਮੇਂ ਪਾਰਟੀ ਲਈ ਵੱਡਾ ਸਵਾਲ ਇਹ ਸੀ ਕਿ ਆਖਰਕਾਰ ਪਾਰਟੀ ਕੌਣ ਸੰਭਾਲੇਗਾ। ਇਕ ਵਾਰ ਫਿਰ ਤੋਂ ਮੋਦੀ ਨੇ ਨੱਢਾ 'ਤੇ ਭਰੋਸਾ ਜਤਾਇਆ ਅਤੇ ਉਹ ਜੁਲਾਈ 2019 'ਚ ਕਾਰਜਕਾਰੀ ਪ੍ਰਧਾਨ ਦੇ ਤੌਰ 'ਤੇ ਨਿਯੁਕਤ ਕੀਤੇ ਗਏ। ਅੱਜ ਭਾਵ 20 ਜਨਵਰੀ 2020 ਨੂੰ ਨੱਢਾ ਨੇ ਭਾਜਪਾ ਦੇ ਪ੍ਰਧਾਨ ਅਹੁਦੇ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ।


Tanu

Content Editor

Related News