ਭਾਜਪਾ ਪ੍ਰਧਾਨ ਅਹੁਦੇ ਲਈ ਜੇ. ਪੀ. ਨੱਢਾ ਨੇ ਭਰਿਆ ਨਾਮਜ਼ਦਗੀ ਪੱਤਰ

01/20/2020 11:18:58 AM

ਨਵੀਂ ਦਿੱਲੀ— ਭਾਜਪਾ ਪਾਰਟੀ ਲਈ ਸੋਮਵਾਰ ਭਾਵ ਅੱਜ ਦਾ ਦਿਨ ਬੇਹੱਦ ਖਾਸ ਹੈ। ਸੱਤਾ 'ਤੇ ਬਿਰਾਜਮਾਨ ਭਾਜਪਾ ਨੂੰ ਅੱਜ ਨਵਾਂ ਪਾਰਟੀ ਪ੍ਰਧਾਨ ਮਿਲੇਗਾ। ਭਾਜਪਾ ਹੈੱਡਕੁਆਰਟਰ 'ਚ ਭਾਜਪਾ ਦੇ ਪ੍ਰਧਾਨ ਅਹੁਦੇ ਲਈ ਜੇ. ਪੀ. ਨੱਢਾ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਨੱਢਾ ਨੇ ਚੋਣ ਅਧਿਕਾਰੀ ਰਾਧਾਮੋਹਨ ਸਿੰਘ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ, 21 ਪ੍ਰਦੇਸ਼ ਪ੍ਰਧਾਨਾਂ ਸਮੇਤ ਵੱਖ-ਵੱਖ ਨੇਤਾਵਾਂ ਨੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਨੂੰ ਸੌਂਪੇ। ਦੱਸਣਯੋਗ ਹੈ ਕਿ ਜਗਤ ਪ੍ਰਕਾਸ਼ ਨੱਢਾ ਯਾਨੀ ਕਿ ਜੇ. ਪੀ. ਨੱਢਾ ਨੂੰ ਜੁਲਾਈ 2019 'ਚ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਨੱਢਾ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਹ ਭਾਜਪਾ ਦੇ 11ਵੇਂ ਪ੍ਰਧਾਨ ਹੋਣਗੇ। ਇਸ ਤੋਂ ਪਹਿਲਾਂ ਅਮਿਤ ਸ਼ਾਹ ਜੀ ਪ੍ਰਧਾਨ ਸਨ, ਜੋ ਕਿ ਪਿਛਲੇ  ਸਾਢੇ 5 ਸਾਲਾਂ ਤੋਂ ਪਾਰਟੀ ਦੀ ਕਮਾਨ ਸੰਭਾਲ ਰਹੇ ਹਨ, ਉਨ੍ਹਾਂ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। 

ਇਸ ਦੌਰਾਨ ਭਾਜਪਾ ਨੇਤਾਵਾਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਸਮੇਤ ਭਾਜਪਾ ਹੈੱਡਕੁਆਰਟਰ 'ਚ ਤਮਾਮ ਨੇਤਾ ਮੌਜੂਦ ਰਹੇ। ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਵਲੋਂ ਜੇ. ਪੀ. ਨੱਢਾ ਦੇ ਨਾਮ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 4 ਵਜੇ ਨਵੇਂ ਪ੍ਰਧਾਨ ਦੇ ਸੁਆਗਤ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਨੱਢਾ ਦੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ ਵਿਚ ਵੱਡੀ ਗਿਣਤੀ ਵਿਚ ਵਰਕਰ ਆਏ ਹਨ।

ਜੇ. ਪੀ. ਨੱਢਾ ਦਾ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਚੁਣਿਆ ਜਾਣਾ ਤੈਅ ਹੈ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਨੱਢਾ ਜੀ ਪਾਰਟੀ ਪ੍ਰਧਾਨ ਲਈ ਚੁਣੇ ਜਾਣਗੇ। ਉਨ੍ਹਾਂ ਨੇ ਨੱਢਾ ਬਾਰੇ ਕਿਹਾ ਕਿ ਉਨ੍ਹਾਂ 'ਚ ਸੰਗਠਨਾਤਮਕ ਖੂਬੀਆਂ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੈ। ਉਹ ਸਾਲਾਂ ਤੋਂ ਭਾਜਪਾ ਨਾਲ ਜੁੜੇ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਪਾਰਟੀ ਨਵੀਆਂ ਉੱਚਾਈਆਂ 'ਤੇ ਲੈ ਜਾਣਗੇ।


Tanu

Content Editor

Related News