ਰਾਜ ਸਭਾ ’ਚ ਖੜਗੇ ਬੋਲੇ- ਮਹਿਲਾ ਰਾਖਵਾਂਕਰਨ ਤੁਰੰਤ ਲਾਗੂ ਕਰੋ, ਨੱਡਾ ਦਾ ਜਵਾਬ- ਸਰਕਾਰ ਨਿਯਮਾਂ ਨਾਲ ਕੰਮ ਕਰਦੀ ਹੈ

Friday, Sep 22, 2023 - 12:36 PM (IST)

ਨਵੀਂ ਦਿੱਲੀ, (ਏਜੰਸੀਆਂ)- ਸੰਸਦ ਦੇ ਵਿਸ਼ੇਸ਼ ਇਜਲਾਸ ਦੇ ਚੌਥੇ ਦਿਨ ਅੱਜ ਰਾਜ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ (ਨਾਰੀ ਸ਼ਕਤੀ ਵੰਦਨ ਬਿੱਲ) ’ਤੇ ਚਰਚਾ ਹੋਈ। ਸਭ ਤੋਂ ਪਹਿਲਾਂ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬਿੱਲ ਪੇਸ਼ ਕੀਤਾ। ਇਸ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਰਣਜੀਤ ਰੰਜਨ ਨੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਬਿੱਲ ਦੇ ਨਾਂ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਔਰਤਾਂ ਨੂੰ ‘ਵੰਦਨ’ ਨਹੀਂ, ਬਰਾਬਰੀ ਚਾਹੀਦੀ ਹੈ।

ਇਸ ਤੋਂ ਬਾਅਦ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ, ‘‘ਇਹ ਬਿੱਲ ਔਰਤਾਂ ’ਤੇ ਕੋਈ ਅਹਿਸਾਨ ਨਹੀਂ, ਸਗੋਂ ਉਨ੍ਹਾਂ ਨੂੰ ‘ਵੰਦਨ’ (ਸਲਾਮ) ਅਤੇ ‘ਅਭਿਨੰਦਨ’ (ਸਵਾਗਤ) ਦੇਣ ਵਾਲਾ ਹੈ। ਜੇਕਰ ਅੱਜ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ 2029 ਤੱਕ 33 ਫੀਸਦੀ ਔਰਤਾਂ ਸੰਸਦ ਮੈਂਬਰ ਬਣ ਕੇ ਆ ਜਾਣਗੀਆਂ। ਉੱਥੇ ਹੀ, ਖੜਗੇ ਨੇ ਕਬੀਰ ਦਾ ਦੋਹਾ ‘ਕਲ ਕਰੇ ਸੋ ਆਜ ਕਰ’ ਸੁਣਾਇਆ ਅਤੇ ਤੁਰੰਤ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਕੀਤੀ।

ਜੇ. ਪੀ. ਨੱਡਾ ਨੇ ਇਸ ’ਤੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਦਾ ਉਦੇਸ਼ ਸਿਆਸੀ ਲਾਹਾ ਲੈਣਾ ਨਹੀਂ ਹੈ। ਸਰਕਾਰ ਨਿਯਮਾਂ ਅਨੁਸਾਰ ਕੰਮ ਕਰਦੀ ਹੈ ਅਤੇ ਠੋਸ ਕੰਮ ਕਰਨ ’ਚ ਵਿਸ਼ਵਾਸ ਰੱਖਦੀ ਹੈ। ਇਸ ’ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ‘ਨੋ-ਨੋ’ ਕਰਨ ਲੱਗੇ ਤਾਂ ਨੱਡਾ ਨੇ ਕਿਹਾ ਕਿ ‘ਨੋ-ਨੋ’ ਕਰਨ ਵਾਲਿਆਂ ਨੂੰ ਰਾਜ ਕਰਨਾ ਨਹੀਂ ਆਇਆ। ਜੇਕਰ ਰਾਜ ਕਰਨਾ ਆਉਂਦਾ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਨਿਯਮ-ਕਾਨੂੰਨ ਵੀ ਕੋਈ ਚੀਜ਼ ਹੈ।

ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿਲਵਰ ਸਪੂਨ ਨਾਲ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਗਰੀਬਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦੀਆਂ। ਇਕ ਨੇਤਾ ਨੂੰ ਨੇਤਾ ਬਣਨਾ ਪੈਂਦਾ ਹੈ, ਸਿਖਾਏ ਹੋਏ ਬਿਆਨ ਦੇਣ ਨਾਲ ਕੰਮ ਨਹੀਂ ਚੱਲਦਾ।


Rakesh

Content Editor

Related News