ਨੌਕਰੀ ਨਾ ਮਿਲਣ ਤੋਂ ਸੀ ਨਿਰਾਸ਼, ਖੁਦ ਨੂੰ ਪਾਕਿ ਏਜੰਟ ਦੱਸ ਕੇ ਦਿੱਤੀ ਸਕੂਲ ਨੂੰ ਉਡਾਉਣ ਦੀ ਧਮਕੀ

Friday, Aug 02, 2024 - 07:40 PM (IST)

ਨੈਸ਼ਨਲ ਡੈਸਕ : ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ਤੋਂ ਨਾਰਾਜ਼ ਇਕ ਬੇਰੁਜ਼ਗਾਰ ਨੌਜਵਾਨ ਨੇ ਇੰਦੌਰ ਆਈਆਈਟੀ ਕੈਂਪਸ ਵਿਚ ਬਣੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਈ-ਮੇਲ ਰਾਹੀਂ ਧਮਕੀ ਭਰਿਆ ਸੁਨੇਹਾ ਭੇਜ ਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਆਉਣ ਵਾਲੀ 15 ਅਗਸਤ (ਆਜ਼ਾਦੀ ਦਿਵਸ) ਨੂੰ ਆਈਆਈਟੀ ਕੈਂਪਸ ਸਿਮਰੋਲ ਸਥਿਤ ਕੇਂਦਰੀ ਵਿਦਿਆਲਿਆ ਵਿੱਚ ਬੰਬ ਧਮਾਕਾ ਹੋਣ ਵਾਲਾ ਹੈ।

ਐੱਸਪੀ(ਦਿਹਾਤੀ) ਹਿਤਿਕਾ ਵਸਲ ਨੇ ਦੱਸਿਆ ਕਿ ਸ਼ਹਿਰ ਦੀ ਅਮ੍ਰਿਤ ਕੁੰਜ ਕਲੋਨੀ, ਐਰੋਡਰੋਮ ਰੋਡ ਦੇ ਰਹਿਣ ਵਾਲੇ ਚੇਤਨ ਸੋਨੀ (30) ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਈ-ਮੇਲ ਭੇਜ ਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ (ਐੱਮਸੀਏ) ਕਰ ਚੁੱਕੇ ਚੇਤਨ ਨੇ ਕੇਂਦਰੀ ਵਿਦਿਆਲਿਆ ਵਿੱਚ ਤਕਨੀਸ਼ੀਅਨ ਦੇ ਅਹੁਦੇ ਲਈ ਫਾਰਮ ਭਰਿਆ ਸੀ, ਪਰ ਉਸ ਦੀ ਚੋਣ ਨਹੀਂ ਹੋ ਸਕੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਚੇਤਨ ਸੋਨੀ ਨੇ ਸਾਲ 2015 ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਬੇਰੁਜ਼ਗਾਰ ਰਿਹਾ, ਜਿਸ ਕਾਰਨ ਉਹ ਨਿਰਾਸ਼ ਹੋ ਗਿਆ। ਨੌਕਰੀ ਨਾ ਮਿਲਣ ਤੋਂ ਨਿਰਾਸ਼ ਉਸ ਨੇ ਪਿਛਲੇ ਮਹੀਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਆਈਆਈਟੀ ਕੈਂਪਸ ਵਿੱਚ ਸਥਿਤ ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਸੀ ਕਿ 15 ਅਗਸਤ ਨੂੰ ਵਿਦਿਅਕ ਸੰਸਥਾ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।

ਸਕੂਲ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਚੇਤਨ ਸੋਨੀ ਨੂੰ ਕਾਬੂ ਕਰ ਲਿਆ। ਐੱਸਪੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Baljit Singh

Content Editor

Related News