ਯਾਸੀਨ ਮਲਿਕ ਗ੍ਰਿਫਤਾਰ, ਗਿਲਾਨੀ ਤੇ ਮੀਰਵਾਇਜ਼ ਨਜ਼ਰਬੰਦ

Friday, Jun 22, 2018 - 10:03 AM (IST)

ਯਾਸੀਨ ਮਲਿਕ ਗ੍ਰਿਫਤਾਰ, ਗਿਲਾਨੀ ਤੇ ਮੀਰਵਾਇਜ਼ ਨਜ਼ਰਬੰਦ

ਸ਼੍ਰੀਨਗਰ (ਮਜੀਦ)— ਵੱਖਵਾਦੀ ਨੇਤਾ ਸਈਦ ਅਲੀ  ਸ਼ਾਹ ਗਿਲਾਨੀ, ਮੀਰਵਾਇਜ਼ ਮੌਲਵੀ ਉਮਰ ਫਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਨੇ 'ਰਾਈਜ਼ਿੰਗ ਕਸ਼ਮੀਰ' ਦੇ ਸੰਪਾਦਕ ਸ਼ੁਜਾਤ ਬੁਖਾਰੀ ਦੀ ਹੱਤਿਆ ਅਤੇ ਵਾਦੀ ਵਿਚ ਕਥਿਤ ਤੌਰ 'ਤੇ ਆਮ ਲੋਕਾਂ ਦੀਆਂ ਵਧ ਰਹੀਆਂ ਹਤਿਆਵਾਂ ਵਿਰੁੱਧ ਵੀਰਵਾਰ ਹੜਤਾਲ ਦੇ ਦਿੱਤੇ ਸੱਦੇ ਦੌਰਾਨ ਪ੍ਰਸ਼ਾਸਨ ਵਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਸ਼੍ਰੀਨਗਰ ਸਮੇਤ ਸਮੁੱਚੀ ਵਾਦੀ ਵਿਚ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। 
ਪੁਰਾਣੇ ਸ਼੍ਰੀਨਗਰ ਵਿਖੇ ਸਥਿਤ ਇਤਿਹਾਸਕ ਜਾਮਾ ਮਸਜਿਦ ਨੂੰ ਹੜਤਾਲ ਦੇ ਸੱਦੇ ਕਾਰਨ ਬੰਦ ਕਰ ਦਿੱਤਾ ਗਿਆ। ਵਿਰੋਧ ਵਿਖਾਵੇ ਦੀ ਅਗਵਾਈ ਕਰ ਰਹੇ ਜੇ. ਕੇ. ਐੱਲ. ਐੱਫ. ਦੇ ਮੁਖੀ ਯਾਸੀਨ ਮਲਿਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਸਈਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਨੂੰ ਨਜ਼ਰਬੰਦ ਕਰ ਦਿੱਤਾ ਗਿਆ। 
ਵੀਰਵਾਰ ਵਾਦੀ ਦੇ ਸਭ ਵਿਦਿਅਕ ਅਦਾਰੇ ਬੰਦ ਰਹੇ। ਰੇਲ ਸੇਵਾਵਾਂ ਮੁਲਤਵੀ ਰਹੀਆਂ। 
ਸ਼੍ਰੀਨਗਰ ਦੇ  ਕੁਝ ਬਾਹਰੀ ਇਲਾਕਿਆਂ, ਸਿਵਲ ਲਾਈਨਜ਼ ਅਤੇ ਨਵੇਂ ਇਲਾਕਿਆਂ ਵਿਚ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਸੜਕਾਂ 'ਤੇ ਆਵਾਜਾਈ ਟਾਵੀਂ-ਟਾਵੀਂ ਸੀ। ਕੁਪਵਾੜਾ, ਬਾਂਦੀਪੋਰਾ ਅਤੇ ਹੋਰਨਾਂ ਇਲਾਕਿਆਂ 'ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ। ਬਡਗਾਮ ਅਤੇ ਗੰਦੇਰਬਲ ਜ਼ਿਲਿਆਂ ਵਿਚ ਸਭ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਸਨ। 
ਪੁਲਸ ਦੇ ਇਕ ਅਧਿਕਾਰੀ ਮੁਤਾਬਕ ਨੌਹੱਟਾ, ਖਾਨਯਾਰ, ਰੈਨਵਾੜੀ, ਸਫਾਕਦਲ, ਮੈਸੂਮਾ ਅਤੇ ਮਹਾਰਾਜਗੰਜ ਥਾਣਾ ਖੇਤਰ ਅਧੀਨ ਆਉਂਦੇ ਇਲਾਕਿਆਂ ਵਿਚ ਪਾਬੰਦੀਆਂ ਲਾਗੂ ਕੀਤੀਆਂ ਗਈਆਂ।


Related News