ਝਾਂਸੀ ਡੈਮ ਓਵਰਫਲੋਅ, ਬੰਨ੍ਹ ਦੇ ਪਾਣੀ ’ਚ ਫਸੇ 3 ਦੋਸਤ, 7 ਘੰਟੇ ਚੱਲਿਆ ਰੈਸਕਿਊ
Friday, Sep 19, 2025 - 11:32 PM (IST)

ਝਾਂਸੀ (ਇੰਟ.)-ਲਗਾਤਾਰ ਮੀਂਹ ਕਾਰਨ ਝਾਂਸੀ ਦਾ ਸੁਕੁਵਾਨ-ਢੁਕਵਾਂ ਡੈਮ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਹੈ ਅਤੇ ਡੈਮ ਤੋਂ ਜਾਣ ਵਾਲੀ ਸੜਕ ਡੁੱਬ ਗਈ ਹੈ। ਵੀਰਵਾਰ ਦੇਰ ਸ਼ਾਮ ਬਬੀਨਾ ਤੋਂ ਲਲਿਤਪੁਰ ਜਾਣ ਵਾਲੀ ਇਸ ਸੜਕ ’ਤੇ 3 ਬੋਲੈਰੋ ਸਵਾਰ ਦੋਸਤ ਫਸ ਗਏ। ਨੱਥੀਖੇੜਾ ਚੌਕੀ ਪੁਲਸ ਨੇ ਤੁਰੰਤ ਰੈਸਕਿਊ ਸ਼ੁਰੂ ਕੀਤਾ। ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਲੱਗਭਗ 7 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਦੇਰ ਰਾਤ ਤਿੰਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਤਿੰਨਾਂ ਦੋਸਤਾਂ ਦੀ ਪਛਾਣ ਨੱਥੀਖੇੜਾ ਨਿਵਾਸੀ ਭਗਵਾਨ ਿਸੰਘ (32), ਕਮਲੇਸ਼ (35) ਅਤੇ ਜੀਤੂ (24) ਵਜੋਂ ਹੋਈ ਹੈ। ਉਹ ਬੋਲੈਰੋ ਰਾਹੀਂ ਬਬੀਨਾ ਵੱਲ ਜਾ ਰਹੇ ਸਨ ਕਿ ਜਿਵੇਂ ਹੀ ਸੜਕ ਦੇ ਬਾਰਡਰ ’ਤੇ ਪਹੁੰਚੇ, ਪਾਣੀ ਦੇ ਤੇਜ਼ ਵਹਾਅ ਅਤੇ ਸੜਕ ਵਿਚ ਭਰੇ ਪਾਣੀ ਨੇ ਉਨ੍ਹਾਂ ਦੇ ਵਾਹਨ ਨੂੰ ਘੇਰ ਲਿਆ। ਤਿੰਨਾਂ ਨੇ ਰੌਲਾ ਪਾਇਆ ਅਤੇ ਘਰ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਨੱਥੀਖੇੜਾ ਚੌਕੀ ਇੰਚਾਰਜ ਮਨੀਸ਼ ਸ਼ੁਕਲਾ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਸਨ। ਬੋਲੈਰੋ ਅਜੇ ਵੀ ਪਾਣੀ ਵਿਚ ਫਸੀ ਹੋਈ ਹੈ, ਜਿਸ ਨੂੰ ਪਾਣੀ ਦਾ ਵਹਾਅ ਘੱਟ ਹੋਣ ’ਤੇ ਕੱਢਿਆ ਜਾਵੇਗਾ।