JEE Main results: ਪ੍ਰੀਖਿਆ ਦੇ ਪਹਿਲੇ ਐਡੀਸ਼ਨ ’ਚ 14 ਵਿਦਿਆਰਥੀਆਂ ਨੇ ਹਾਸਲ ਕੀਤਾ ਸਭ ਤੋਂ ਵੱਧ ‘ਸਕੋਰ’

Wednesday, Feb 12, 2025 - 05:33 AM (IST)

JEE Main results: ਪ੍ਰੀਖਿਆ ਦੇ ਪਹਿਲੇ ਐਡੀਸ਼ਨ ’ਚ 14 ਵਿਦਿਆਰਥੀਆਂ ਨੇ ਹਾਸਲ ਕੀਤਾ ਸਭ ਤੋਂ ਵੱਧ ‘ਸਕੋਰ’

ਨਵੀਂ ਦਿੱਲੀ (ਭਾਸ਼ਾ) - ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਜੇ. ਈ. ਈ.-ਮੇਨ 2025 ਦੇ ਪਹਿਲੇ ਐਡੀਸ਼ਨ ’ਚ ਪੂਰੇ ਦੇਸ਼ ਦੇ 14 ਵਿਦਿਆਰਥੀਆਂ ਨੇ ਸਭ ਤੋਂ ਵੱਧ ਸਕੋਰ ਹਾਸਲ ਕੀਤਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਰਾਜਸਥਾਨ ਤੋਂ ਹਨ। ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਟਾਪ 14 ’ਚੋਂ 12 ਉਮੀਦਵਾਰ ਸਾਧਾਰਨ ਸ਼੍ਰੇਣੀ ਤੋਂ ਹਨ, ਜਦੋਂ ਕਿ ਇਕ-ਇਕ  ਹੋਰ ਪੱਛੜੇ ਵਰਗ (ਓ. ਬੀ. ਸੀ.) ਅਤੇ ਅਨੁਸੂਚਿਤ ਜਾਤੀ (ਐੱਸ. ਸੀ.) ਸ਼੍ਰੇਣੀ  ਤੋਂ ਹਨ।

ਇਸ ਮਹੱਤਵਪੂਰਨ ਪ੍ਰੀਖਿਆ ਦੇ ਪਹਿਲੇ ਐਡੀਸ਼ਨ ’ਚ 12.58 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸਨ। ਸਭ ਤੋਂ ਵੱਧ ਸਕੋਰ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚੋਂ 5  ਰਾਜਸਥਾਨ ਤੋਂ, 2-2 ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਅਤੇ 1-1 ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਹਨ। 

ਐੱਨ. ਟੀ. ਏ. ਅਧਿਕਾਰੀਆਂ ਅਨੁਸਾਰ, ਐੱਨ. ਟੀ. ਏ. ਸਕੋਰ ਅੰਕਾਂ ਦੀ ਫ਼ੀਸਦੀ ਦੇ ਬਰਾਬਰ ਨਹੀਂ, ਸਗੋਂ ਸਾਧਾਰਨ ਸਕੋਰ ਹੈ। ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਐੱਨ. ਟੀ. ਏ. ਸਕੋਰ ਮਲਟੀ-ਸੈਸ਼ਨ ਪ੍ਰੀਖਿਆ ’ਚ ਸਾਧਾਰਨ ਸਕੋਰ ਹੈ ਅਤੇ ਇਕ ਸੈਸ਼ਨ ’ਚ ਪ੍ਰੀਖਿਆ ਲਈ ਮੌਜੂਦ ਹੋਣ ਵਾਲੇ ਸਾਰੇ ਉਮੀਦਵਾਰਾਂ ਦੀ ਤੁਲਨਾਤਮਕ ਕਾਰਗੁਜ਼ਾਰੀ ’ਤੇ ਆਧਾਰਿਤ ਹੈ। ਅਧਿਕਾਰੀ ਨੇ ਦੱਸਿਆ ਕਿ ਹਰ ਇਕ ਪ੍ਰੀਖਿਆਰਥੀ ਲਈ ਪ੍ਰਾਪਤ ਅੰਕਾਂ ਨੂੰ  100 ਤੋਂ 0 ਤੱਕ ਦੇ ਪੈਮਾਨੇ ’ਚ ਬਦਲ ਦਿੱਤਾ ਜਾਂਦਾ ਹੈ।

ਪ੍ਰੀਖਿਆ ਦਾ ਪਹਿਲਾ ਐਡੀਸ਼ਨ ਜਨਵਰੀ-ਫਰਵਰੀ ’ਚ ਆਯੋਜਿਤ ਕੀਤਾ ਗਿਆ ਸੀ, ਜਦੋਂ ਕਿ ਦੂਜਾ ਐਡੀਸ਼ਨ ਅਪ੍ਰੈਲ ’ਚ ਆਯੋਜਿਤ ਕੀਤਾ ਜਾਵੇਗਾ। ਜੇ. ਈ. ਈ.-ਮੇਨ ਪੇਪਰ 1 ਅਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਜੇ. ਈ. ਈ.-ਐਡਵਾਂਸਡ ਪ੍ਰੀਖਿਆ ’ਚ ਸ਼ਾਮਲ ਹੋਣ ਲਈ ‘ਸ਼ਾਰਟਲਿਸਟ’ ਕੀਤਾ ਜਾਵੇਗਾ।


author

Inder Prajapati

Content Editor

Related News