ਕਰਨਾਟਕ ਦਾ ਜਨਤਾ ਦਲ (ਸੈਕੂਲਰ) ਐੱਨ. ਡੀ. ਏ. ’ਚ ਸ਼ਾਮਲ ਹੋਇਆ : ਨੱਡਾ

Saturday, Sep 23, 2023 - 12:56 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜਨਤਾ ਦਲ (ਸੈਕੂਲਰ) ਨੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੱਡਾ ਨਾਲ ਹੋਈ ਮੁਲਾਕਾਤ ਤੋਂ ਬਾਅਦ ਭਾਜਪਾ ਪ੍ਰਧਾਨ ਨੇ ਇਹ ਐਲਾਨ ਕੀਤਾ।

ਕੁਮਾਰਸਵਾਮੀ 2024 ਦੀਆਂ ਲੋਕ ਸਭਾ ਚੋਣਾਂ ਲਈ ਕਰਨਾਟਕ ’ਚ ਭਾਜਪਾ ਨਾਲ ਆਪਣੀ ਪਾਰਟੀ ਦੇ ਗੱਠਜੋੜ ’ਤੇ ਚਰਚਾ ਕਰਨ ਲਈ ਵੀਰਵਾਰ ਨੂੰ ਦਿੱਲੀ ਪਹੁੰਚੇ ਸਨ। ਦੋਹਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਚਰਚਾ ਉਦੋਂ ਤੋਂ ਹੀ ਸੁਰਖੀਆਂ ’ਚ ਸਨ ਜਦੋਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦੀ ਬੋਰਡ ਦੇ ਮੈਂਬਰ ਬੀ. ਐੱਸ. ਯੇਦੀਯੁਰੱਪਾ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਆਮ ਚੋਣਾਂ ਲਈ ਜਨਤਾ ਦਲ (ਐੱਸ) ਨਾਲ ਗਠਜੋੜ ਕਰੇਗੀ ਅਤੇ ਜਦ (ਐੱਸ.) ਕਰਨਾਟਕ ’ਚ 4 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ।

ਕਰਨਾਟਕ ’ਚ ਕੁੱਲ 28 ਲੋਕ ਸਭਾ ਸੀਟਾਂ ਹਨ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਇਨ੍ਹਾਂ ’ਚੋਂ 25 ਸੀਟਾਂ ਜਿੱਤੀਆਂ ਸਨ, ਜਦੋਂ ਕਿ ਮਾਂਡਿਆ ਸੀਟ ’ਤੇ ਉਸ ਦੀ ਹਮਾਇਤ ਨਾਲ ਆਜ਼ਾਦ ਉਮੀਦਵਾਰ ਸੁਮਲਤਾ ਅੰਬਰੀਸ਼ ਨੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਅਤੇ ਜਨਤਾ ਦਲ (ਐੱਸ.) ਨੇ ਇਕ-ਇਕ ਸੀਟ ਜਿੱਤੀ ਸੀ। ਇਸ ਸਾਲ ਮਈ ’ਚ ਹੋਈਆਂ 224 ਮੈਂਬਰੀ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ 135 ਸੀਟਾਂ ’ਤੇ ਜਿੱਤ ਮਿਲੀ, ਜਦਕਿ ਭਾਜਪਾ ਨੇ 66 ਅਤੇ ਜਦ (ਐੱਸ.) 19 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ।


Rakesh

Content Editor

Related News