1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲੜਨ ਵਾਲੇ ਕੁਲਦੀਪ ਭੋਗਲ ਨੇ ਛੱਡੀ ਭਾਜਪਾ
Saturday, Nov 26, 2022 - 05:51 PM (IST)
ਨਵੀਂ ਦਿੱਲੀ (ਬਿਉਰੋ)– 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲੜਨ ਵਾਲੇ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਸ਼ੁੱਕਰਵਾਰ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋ ਗਏ। ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭੋਗਲ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਸਵਾਗਤ ਕੀਤਾ। ਉਨ੍ਹਾਂ ਪਾਰਟੀ ਦੀ ਮੈਂਬਰੀ ਵੀ ਹਾਸਲ ਕੀਤੀ।
ਸਰਨਾ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਭੋਗਲ ਦੇ ਇਸ ਫੈਸਲੇ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਹ ਲੰਮਾ ਸਮਾਂ ਜਥੇਦਾਰ ਭੋਗਲ ਨਾਲ ਕੰਮ ਕਰ ਚੁੱਕੇ ਹਨ। ਉਹ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਤੋਂ ਭਲੀਭਾਂਤ ਜਾਣੂ ਹਨ। ਉਹ ਉਨ੍ਹਾਂ ਦੀ ਕੰਮ ਕਰਨ ਦੀ ਯੋਗਤਾ ਨੂੰ ਵੀ ਜਾਣਦੇ ਹਨ। ਕੁਝ ਕਾਰਨਾਂ ਕਰ ਕੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ ਸਨ।
ਸਰਨਾ ਨੇ ਦਿੱਲੀ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਥੇਦਾਰ ਕੁਲਦੀਪ ਸਿੰਘ ਭੋਗਲ ਵਾਂਗ ‘ਘਰ ਵਾਪਸੀ’ ਕਰਨ। ਸਾਰਿਆਂ ਦਾ ਪਾਰਟੀ ਵਿੱਚ ਖੁੱਲ੍ਹੇ ਦਿਲ ਨਾਲ ਸਵਾਗਤ ਹੈ।
ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਉਹ ‘ਘਰ ਪਰਤ’ ਕੇ ਬਹੁਤ ਖੁਸ਼ ਹਨ। ਸ਼੍ਰੋਮਣੀ ਅਕਾਲੀ ਦਲ ਹਰ ਸਿੱਖ ਦੀ ਮਾਂ-ਪਾਰਟੀ ਹੈ। ਚਾਹੇ ਕੋਈ ਬਹੁਤ ਦੂਰ ਜਾ ਸਕਦਾ ਹੈ ਪਰ ਅਸਲੀ ਸੁੱਖ ਮਾਂ ਦੀ ਗੋਦ ਵਿੱਚ ਆ ਕੇ ਹੀ ਮਿਲਦਾ ਹੈ।
ਜਥੇਦਾਰ ਭੋਗਲ ਨੇ ਕਿਹਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਭਾਜਪਾ ਦੇ ਸੱਤਾ ’ਚ ਅਾਉਣ ਤੋਂ ਬਾਅਦ ਜਿਸ ਤਰ੍ਹਾਂ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਗਿਆ, ਉਸ ਨੂੰ ਲੱਗਦਾ ਸੀ ਕਿ ਕਾਨਪੁਰ ਵਿਚ ਸਿੱਖਾਂ ਦੇ ਕਾਤਲਾਂ ਨੂੰ ਵੀ ਸਜ਼ਾ ਮਿਲ ਸਕਦੀ ਹੈ ਪਰ ਉਨ੍ਹਾਂ ਨੂੰ ਯੂ.ਪੀ. ਦੀ ਯੋਗੀ ਸਰਕਾਰ ਤੋਂ ਨਿਰਾਸ਼ਾ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ 1984 ਦੇ ਦੰਗਿਆਂ ਦੇ ਪੀੜਤਾਂ ਅਤੇ ਕਾਤਲਾਂ ਬਾਰੇ ਜਾਣਕਾਰੀ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਭਾਜਪਾ ਵਿੱਚ ਕਈ ਸਿੱਖ ਚਿਹਰੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਦਿੱਲੀ ਭਾਜਪਾ ਦੇ ਹਾਲਾਤ ਵੀ ਅਜਿਹੇ ਹੀ ਹਨ ਜਿਸ ਕਾਰਨ ਉਨ੍ਹਾਂ ਦਾ ਸਾਹ ਘੁੱਟਣ ਲੱਗ ਪਿਅਾ ਸੀ। ਇਸ ਕਾਰਨ ਅੱਜ ਫਿਰ ਉਨ੍ਹਾਂ ਆਪਣੀ ਮਾਂ-ਪਾਰਟੀ ਵਿੱਚ ਆ ਕੇ ਸੁੱਖ ਦਾ ਸਾਹ ਲਿਆ ਹੈ। ਉਹ 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਾਂ ਵਾਂਗ ਲੜਦੇ ਰਹਿਣਗੇ।
ਪਰਮਜੀਤ ਸਿੰਘ ਸਰਨਾ ਨੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਟੀਮਾਂ ਬਣਾਉਣ ਦੀ ਜ਼ਿੰਮੇਵਾਰੀ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਸੌਂਪੀ ਕਿਉਂਕਿ ਉਹ ਕਾਨਪੁਰ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਸਥਾਨਕ ਸੰਗਤਾਂ ਦੇ ਸੰਪਰਕ ਵਿੱਚ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਅਨੂਪ ਸਿੰਘ ਘੁੰਮਣ, ਜਤਿੰਦਰ ਸਿੰਘ ਸਾਹਨੀ ਤੇ ਜਤਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।