ਪਹਿਲਗਾਮ ਸਣੇ ਜੰਮੂ ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ''ਚ ਮੁੜ ਖੋਲ੍ਹੇ ਗਏ ਕਈ ਪਾਰਕ
Tuesday, Jun 17, 2025 - 03:58 PM (IST)

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਕਈ ਸੈਰ-ਸਪਾਟਾ ਸਥਾਨਾਂ ਅਤੇ ਪਾਰਕਾਂ ਨੂੰ ਮੰਗਲਵਾਰ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ। ਇਹ ਸੈਰ-ਸਪਾਟਾ ਸਥਾਨ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ 25 ਸੈਲਾਨੀਆਂ ਅਤੇ ਇਕ ਸਥਾਨਕ ਨਿਵਾਸੀ ਦਾ ਕਤਲ ਕਰ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਮੁੜ ਤੋਂ ਖੁੱਲ੍ਹਣ ਵਾਲੇ ਸੈਰ-ਸਪਾਟਾ ਸਥਾਨਾਂ 'ਚ ਬੇਤਾਬ ਘਾਟੀ, ਪਹਿਲਗਾਮ ਬਜ਼ਾਰ ਕੋਲ ਦੇ ਪਾਰਕ, ਵੇਰੀਨਾਗ ਗਾਰਡਨ, ਕੋਕਰਨਾਗ ਗਾਰਡਨ ਅਤੇ ਅੱਛਾਬਲ ਗਾਰਡਨ ਸ਼ਾਮਲ ਹਨ। ਇਹ ਸਾਰੇ ਸੈਰ-ਸਪਾਟਾ ਸਥਾਨ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸਥਿਤ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸੈਰ-ਸਪਾਟਾ ਸਥਾਨਾਂ 'ਤੇ ਅੱਜ ਪਹਿਲੇ ਦਿਨ ਸੈਲਾਨੀਆਂ ਦੀ ਚੰਗੀ ਭੀੜ ਰਹੀ, ਵਿਸ਼ੇਸ਼ ਤੌਰ 'ਤੇ ਅੱਛਾਬਲ ਗਾਰਡਨ 'ਚ ਕਾਫ਼ੀ ਗਿਣਤੀ 'ਚ ਸੈਲਾਨੀ ਪਹੁੰਚੇ। ਸੈਲਾਨੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਨ੍ਹਾਂ ਪਾਰਕ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤੀ ਦੇਖੀ ਗਈ। ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਇਨ੍ਹਾਂ ਸੈਰ-ਸਪਾਟਾ ਸਥਾਨਾਂ ਨੂੰ ਮੁੜ ਖੋਲ੍ਹਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਕਸ਼ਮੀਰ ਅਤੇ ਜੰਮੂ ਖੇਤਰ 'ਚ 8-8 ਸੈਰ-ਸਪਾਟਾ ਸਥਾਨ 17 ਜੂਨ ਨੂੰ ਮੁੜ ਤੋਂ ਖੁਲ੍ਹੱਣਗੇ। ਇਸ ਅੱਤਵਾਦੀ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਚੌਕਸੀ ਵਜੋਂ ਘਾਟੀ ਦੇ 87 ਸੈਰ-ਸਪਾਟਾ ਸਥਾਨਾਂ 'ਚੋਂ 48 ਅਸਥਾਈ ਰੂਪ ਨਾਲ ਬੰਦ ਕਰ ਦਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8