ਜੰਮੂ-ਕਸ਼ਮੀਰ ਦੇ ਬਬਰਾਲ ਪਿੰਡ ''ਚ ਵੰਡੀ ਗਈ 705ਵੇਂ ਟਰੱਕ ਦੀ ਰਾਹਤ ਸਮੱਗਰੀ
Sunday, Apr 02, 2023 - 06:13 PM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਸਰਹੱਦੀ ਇਲਾਕੇ ਦੇ ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ’ਚ ਦਾਨੀ ਸੱਜਣ ਜਿੱਥੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਮਾਤਾ-ਪਿਤਾ ਦੀ ਯਾਦ ’ਚ ਲਗਾਤਾਰ ਸਹਿਯੋਗ ਦੇ ਰਹੇ ਹਨ, ਉੱਥੇ ਹੀ ਧਾਰਮਿਕ ਅਤੇ ਸਮਾਜ ਸੇਵਾ ਨਾਲ ਜੁੜੀਆਂ ਸੰਸਥਾਵਾਂ ਵੀ ਲਗਾਤਾਰ ਰਾਹਤ ਸਮੱਗਰੀ ਦੇ ਟਰੱਕ ਭਿਜਵਾ ਰਹੀਆਂ ਹਨ।
ਇਸੇ ਸਿਲਸਿਲੇ ’ਚ ਬੀਤੇ ਦਿਨੀਂ ਰਾਹਤ ਸਮੱਗਰੀ ਦਾ ਇਕ ਟਰੱਕ ਲੁਧਿਆਣਾ ਦੇ ਅਗਰ ਨਗਰ ਤੋਂ ਰਘੂਨਾਥ ਸੇਵਾ ਦਲ ਵੱਲੋਂ ਭਿਜਵਾਇਆ ਗਿਆ ਸੀ, ਜਿਸ ਵਿਚ 200 ਰਜਾਈਆਂ ਸਨ। ਇਹ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਸਰਹੱਦੀ ਪਿੰਡ ਬਬਰਾਲ ’ਚ ਆਯੋਜਿਤ ਇਕ ਸਮਾਗਮ ਵਿਚ ਵੰਡੀ ਗਈ। 705ਵੇਂ ਟਰੱਕ ਦੀ ਵੰਡ ਦੇ ਮੌਕੇ ’ਤੇ ਜਲੰਧਰ ਦੇ ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਗਰੀਬੀ ਤੇ ਬੇਰੋਜ਼ਗਾਰੀ ਦੇ ਸ਼ਿਕਾਰ ਹੋਣ ਦੇ ਬਾਵਜੂਦ ਪਾਕਿਸਤਾਨ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਇਨ੍ਹਾਂ ਬਹਾਦਰ ਲੋਕਾਂ ਦੀ ਮਦਦ ਕਰ ਕੇ ਮਨ ਨੂੰ ਜੋ ਖੁਸ਼ੀ ਮਿਲਦੀ ਹੈ, ਉਸ ਦਾ ਵਰਣਨ ਕਰਨਾ ਮੁਸ਼ਕਲ ਹੈ।
ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਵਜੀਤ ਸਿੰਘ ਜੌਹਲ ਨੇ ਕਿਹਾ ਕਿ ਸਰਹੱਦ ’ਤੇ ਰਹਿੰਦੇ ਜੰਮੂ-ਕਸ਼ਮੀਰ ਦੇ ਲੋਕ ਪੰਜਾਬ ਕੇਸਰੀ ਦਾ ਕਰਜ਼ ਕਦੇ ਨਹੀਂ ਚੁਕਾ ਸਕਣਗੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਇਕਬਾਲ ਸਿੰਘ ਅਰਨੇਜਾ, ਸ਼੍ਰੀਮਤੀ ਸਰਬਜੀਤ ਕੌਰ ਅਰਨੇਜਾ, ਸਰਵਜੀਤ ਜੌਹਲ, ਸ਼ਿਵ ਚੌਧਰੀ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਹਾਜ਼ਰ ਸਨ।