ਜੰਮੂ-ਕਸ਼ਮੀਰ : ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 2 ਪੋਰਟਰਾਂ ਦੀ ਮੌਤ

01/10/2020 4:32:56 PM

ਜੰਮੂ— ਪਾਕਿਸਤਾਨੀ ਫੌਜੀਆਂ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਨਾਲ ਲੱਗਦੀਆਂ ਮੋਹਰੀ ਚੌਕੀਆਂ 'ਤੇ ਮੋਰਟਾਰ ਦੇ ਗੋਲੇ ਦਾਗ਼ੇ, ਜਿਸ ਨਾਲ ਫੌਜ ਦੇ 2 ਪੋਰਟਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਕੰਟਰੋਲ ਰੇਖਾ ਕੋਲ ਕੁਝ ਪੋਰਟਰ ਕੰਮ ਕਰ ਰਹੇ ਸਨ। ਤਿੰਨ ਜ਼ਖਮੀ ਪੋਰਟਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਕ ਰੱਖਿਆ ਬੁਲਾਰੇ ਨੇ ਕਿਹਾ,''ਕਰੀਬ 11 ਵਜੇ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਕੋਲ ਗੁਲਪੁਰ ਸੈਕਟਰ 'ਚ ਮੋਰਟਾਰ ਦੇ ਗੋਲੇ ਦਾਗ਼ੇ।'' ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ 2 ਪੋਰਟਰਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਭਾਰਤੀ ਫੌਜ ਵਲੋਂ ਵੀ ਜਵਾਬੀ ਕਾਰਵਾਈ ਜਾਰੀ ਹੈ ਅਤੇ ਪਾਕਿਸਤਾਨੀ ਪੋਸਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੁੰਛ ਜ਼ਿਲੇ 'ਚ ਹੀ ਕੰਟਰੋਲ ਰੇਖਾ ਕੋਲ ਮੰਗਲਵਾਰ ਦੀ ਸ਼ਾਮ ਬਰਫ਼ ਖਿੱਸਕਣ ਨਾਲ ਫੌਜ ਦੇ ਇਕ ਪੋਰਟਰ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ। ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹਪੁਰ ਸੈਕਟਰ ਦੇ ਇਕ ਮੋਹਰੀ ਸਥਾਨ 'ਤੇ ਬਰਫ਼ ਦੀ ਚੱਟਾਨ ਡਿੱਗਣ ਨਾਲ ਇਹ ਚਾਰੇ ਪੋਰਟਰ ਉਸ ਦੇ ਹੇਠਾਂ ਦੱਬ ਗਏ। ਫੌਜ ਦੇ ਬਚਾਅ ਦਲ ਨੇ ਤੁਰੰਤ ਕਾਰਵਾਈ ਕੀਤੀ ਅਤੇ ਬਰਫ਼ 'ਚੋਂ ਪੋਰਟਰਾਂ ਨੂੰ ਬਾਹਰ ਕੱਢਣ 'ਚ ਕਾਮਯਾਬ ਰਹੇ।


DIsha

Content Editor

Related News