ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਲਗਾਤਾਰ 9ਵੇਂ ਦਿਨ ਕੀਤੀ ਜੰਗਬੰਦੀ ਦੀ ਉਲੰਘਣਾ
Saturday, May 03, 2025 - 09:49 AM (IST)

ਜੰਮੂ- ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LOC) ਦੇ ਨਾਲ-ਨਾਲ ਵੱਖ-ਵੱਖ ਸੈਕਟਰਾਂ 'ਚ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਲਗਾਤਾਰ 9ਵੀਂ ਰਾਤ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ। ਇਸ ਗੋਲੀਬਾਰੀ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਹ ਲਗਾਤਾਰ 9ਵੀਂ ਰਾਤ ਸੀ ਜਦੋਂ ਸਰਹੱਦ ਪਾਰ ਤੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਹੋਈ। ਹੁਣ ਤੱਕ ਗੋਲੀਬਾਰੀ ਦੀਆਂ ਜ਼ਿਆਦਾਤਰ ਘਟਨਾਵਾਂ ਕੰਟਰੋਲ ਰੇਖਾ 'ਤੇ ਵਾਪਰੀਆਂ ਹਨ। ਅੰਤਰਰਾਸ਼ਟਰੀ ਸਰਹੱਦ 'ਤੇ ਸਿਰਫ਼ ਇਕ ਘਟਨਾ ਵਾਪਰੀ। 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਜਿਹੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਇਸ ਹਮਲੇ 'ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ।
ਇਹ ਵੀ ਪੜ੍ਹੋ : 'ਅੱਗ' ਵਾਂਗ ਭਖਿਆ ਪਾਣੀ ਦਾ ਮੁੱਦਾ ! ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ ਹਰਿਆਣਾ ਸਰਕਾਰ
ਇਕ ਰੱਖਿਆ ਬੁਲਾਰੇ ਨੇ ਕਿਹਾ,"2 ਅਤੇ 3 ਮਈ ਦੀ ਵਿਚਕਾਰਲੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਉੜੀ ਅਤੇ ਅਖਨੂਰ ਸੈਕਟਰਾਂ 'ਚ ਕੰਟਰੋਲ ਰੇਖਾ 'ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ।" ਭਾਰਤੀ ਫੌਜ ਨੇ ਤੁਰੰਤ ਢੁਕਵਾਂ ਜਵਾਬ ਦਿੱਤਾ।'' ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਕੁਝ ਘੰਟੇ ਬਾਅਦ 24 ਅਪ੍ਰੈਲ ਦੀ ਰਾਤ ਤੋਂ ਹੀ ਪਾਕਿਸਤਾਨੀ ਫੌਜਾਂ ਕੰਟਰੋਲ ਰੇਖਾ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਰਹੀਆਂ ਹਨ। ਹਾਲ ਹੀ 'ਚ, ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓ) ਵਿਚਕਾਰ 'ਹਾਟਲਾਈਨ' 'ਤੇ ਗੱਲਬਾਤ ਹੋਈ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਬਿਨਾਂ ਭੜਕਾਹਟ ਦੇ ਗੋਲੀਬਾਰੀ ਬਾਰੇ ਚੇਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਗੋਲੀਬਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8