ਜੰਮੂ ਕਸ਼ਮੀਰ ''ਚ ਆਮ ਸਥਿਤੀ ਅਜੇ ਪੂਰੀ ਤਰ੍ਹਾਂ ਨਹੀਂ ਹੋਈ ਹੈ ਬਹਾਲ : CM ਅਬਦੁੱਲਾ
Friday, Jan 03, 2025 - 04:45 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ 'ਚ ਅਜੇ ਤੱਕ ਆਮ ਸਥਿਤੀ ਪੂਰੀ ਤਰ੍ਹਾਂ ਬਹਾਲ ਨਹੀਂ ਹੋਈ ਹੈ, ਕਿਉਂਕਿ ਅੱਤਵਾਦੀ ਹਮਲੇ ਜਾਰੀ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਾਂਤੀ ਸਥਾਪਤ ਕਰਨ ਦੀ ਕੋਸ਼ਿਸ਼ ਜਾਰੀ ਹੈ। ਅਬਦੁੱਲਾ ਨੇ ਇਹ ਟਿੱਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਧਾਰਾ 370 ਨੇ ਕਸ਼ਮੀਰ ਦੇ ਨੌਜਵਾਨਾਂ ਦੇ ਮਨ 'ਚ ਵੱਖਵਾਦ ਦੇ ਬੀਜ ਬੀਜੇ ਸਨ ਅਤੇ ਨਰਿੰਦਰ ਮੋਦੀ ਨੇ ਨਾ ਸਿਰਫ਼ ਘਾਟੀ 'ਚ ਅੱਤਵਾਦ ਖ਼ਤਮ ਕੀਤਾ ਸਗੋਂ ਅੱਤਵਾਦ ਦੇ ਈਕੋਸਿਸਟਮ ਨੂੰ ਵੀ ਖ਼ਤਮ ਕੀਤਾ।
ਅਬਦੁੱਲਾ ਨੇ ਕਿਹਾ,''ਮੈਂ ਉਸ (ਸ਼ਾਹ ਦੇ ਬਿਆਨ) 'ਤੇ ਕੁਝ ਨਹੀਂ ਕਹਿਣਾ ਚਾਹੀਦਾ। (ਪਰ), ਅੱਜ ਵੀ ਕੁਝ ਥਾਵਾਂ ਤੋਂ ਹਮਲੇ ਦੀਆਂ ਖ਼ਬਰਾਂ ਆਉਂਦੀਆਂ ਹਨ। ਜੰਮੂ ਕਸ਼ਮੀਰ 'ਚ ਅੱਜ ਵੀ ਆਮ ਸਥਿਤੀ ਪੂਰੀ ਤਰ੍ਹਾਂ ਬਹਾਲ ਨਹੀਂ ਹੋਈ ਹੈ। ਇਹ ਇਕ ਪ੍ਰਕਿਰਿਆ ਹੈ ਅਤੇ ਸਾਨੂੰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ।'' ਮੁੱਖ ਮੰਤਰੀ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਕਿ ਜੰਮੂ ਕਸ਼ਮੀਰ ਦਾ ਨਾਂ ਬਦਲ ਕੇ 'ਕਸ਼ਯਪ' ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,''ਅਜਿਹਾ ਕੁਝ ਨਹੀਂ ਹੈ। ਕੁਝ ਮੀਡੀਆ ਅਦਾਰਿਆਂ ਨੇ ਇਸ ਨੂੰ ਚਲਾਇਆ ਪਰ ਫਿਰ ਇਸ ਨੂੰ ਸਹੀ ਕਰ ਦਿੱਤਾ। ਅਜਿਹਾ ਕੋਈ ਪ੍ਰਸਤਾਵ ਨਹੀਂ ਹੈ ਅਤੇ ਵੈਸੇ ਵੀ ਇਹ ਜੰਮੂ ਕਸ਼ਮੀਰ ਸਰਕਾਰ ਦੀ ਸਹਿਮਤੀ ਦੇ ਬਿਨਾਂ ਨਹੀਂ ਹੋ ਸਕਦਾ।'' ਬਰਫ਼ਬਾਰੀ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਰਕਾਰ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਨਾਲ ਨਜਿੱਠਣ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8