ਜੰਮੂ-ਕਸ਼ਮੀਰ : ਇਸ ਸਾਲ 230 ਤੋਂ ਵਧ ਅੱਤਵਾਦੀ ਹੋਏ ਢੇਰ
Saturday, Dec 08, 2018 - 08:52 PM (IST)

ਸ਼੍ਰੀਨਗਰ— ਸੁਰੱਖਿਆ ਬਲਾਂ ਨੇ ਇਸ ਸਾਲ ਜੰਮੂ ਕਸ਼ਮੀਰ 'ਚ 230 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉਥੇ ਹੀ ਪੱਥਰਾਅ ਦੀਆਂ ਘਟਨਾਵਾਂ 'ਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 'ਚ ਕਮੀ ਆਈ ਹੈ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 25 ਜੂਨ ਤੋਂ 14 ਸਤੰਬਰ ਵਿਚਾਲੇ 80 ਦਿਨ ਦੇ ਅੰਦਰ ਕਰੀਬ 51 ਅੱਤਵਾਦੀ ਢੇਰ ਹੋਏ। ਉਥੇ ਹੀ 15 ਸਤੰਬਰ ਤੋਂ 5 ਦਸੰਬਰ ਤਕ 85 ਅੱਤਵਾਦੀ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਹੁਣ ਤਕ 232 ਅੱਤਵਾਦੀ ਢੇਰ ਹੋਏ। ਕਸ਼ਮੀਰ ਘਾਟੀ 'ਚ ਵਿਦੇਸ਼ੀਆਂ ਸਣੇ 240 ਅੱਤਵਾਦੀ ਸਰਗਰਮ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 25 ਜੂਨ ਤੋਂ 14 ਸਤੰਬਰ ਵਿਚਾਲੇ ਪੱਥਰਬਾਜੀ 'ਚ ਸੁਰੱਖਿਆ ਬਲਾਂ ਸਣੇ 8 ਲੋਕਾਂ ਨੂੰ ਜਾਨ ਗਵਾਉਣੀ ਪਈ ਜਦਕਿ ਜਵਾਨਾਂ ਸਣੇ 216 ਜ਼ਖਮੀ ਹੋ ਗਏ। ਇਸ ਤੋਂ ਬਾਅਦ 80 ਦਿਨ ਭਾਵ 15 ਸਤੰਬਰ ਤੋਂ 5 ਦਸੰਬਰ ਵਿਚਾਲੇ ਇਨ੍ਹਾਂ ਘਟਨਾਵਾਂ 'ਚ ਦੋ ਲੋਕਾਂ ਦੀ ਮੌਤ ਹੋਈ ਜਦਕਿ 170 ਜ਼ਖਮੀ ਹੋਏ। ਇਕ ਹੋਰ ਅਧਿਕਾਰੀ ਨੇ ਕਿਹਾ ਸੂਬੇ 'ਚ 19 ਜੂਨ ਨੂੰ ਰਾਜਪਾਲ ਸ਼ਾਸਨ ਲਗਾਏ ਜਾਣ ਤੋਂ ਬਾਅਦ ਘਾਟੀ ਦੀ ਸੁਰੱਖਿਆ ਸਥਿਤੀ 'ਚ ਸੁਧਾਰ ਆਇਆ ਹੈ।