ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ ਹੁਨਰ ਵਿਕਾਸ ਸਿਖਲਾਈ ਕੇਂਦਰ
Friday, Nov 06, 2020 - 11:58 AM (IST)
ਜੰਮੂ-ਕਸ਼ਮੀਰ (ਬਿਊਰੋ) - ਸਮਾਜ ਭਲਾਈ ਵਿਭਾਗ ਬਾਰਾਮੂਲਾ ਵਲੋਂ ਜਨਾਨੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਜੰਮੂ-ਕਸ਼ਮੀਰ ਵਿੱਚ ਹੁਨਰ ਵਿਕਾਸ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਬਾਰਾਮੂਲਾ ਸ਼ੋਕਤ ਅਹਿਮਦ ਅਨੁਸਾਰ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ 11 ਹੁਨਰ ਵਿਕਾਸ ਕੇਂਦਰ ਚੱਲ ਰਹੇ ਹਨ।
ਇਸ ਸਬੰਧ ’ਚ ਏ.ਐੱਨ.ਆਈ ਨੂੰ ਜਾਣਕਾਰੀ ਦਿੰਦੇ ਹੋਏ ਸ਼ੋਕਤ ਅਹਿਮਦ ਨੇ ਕਿਹਾ ਕਿ, "ਅਸੀਂ ਜ਼ਿਲ੍ਹੇ ਭਰ ਵਿੱਚ 11 ਹੁਨਰ ਵਿਕਾਸ ਕੇਂਦਰ ਚਲਾ ਰਹੇ ਹਾਂ। ਇਨ੍ਹਾਂ ਕੇਂਦਰਾਂ ਦੇ ਤਹਿਤ 275 ਬੇਰੁਜ਼ਗਾਰ ਕੁੜੀਆਂ ਸਿਖਲਾਈ ਲੈ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਖਲਾਈਆਂ ਪ੍ਰਦਾਨ ਕਰ ਰਹੇ ਹਾਂ ਅਤੇ ਕੋਰਸ ਪੂਰਾ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੰਦੇ ਹਾਂ ਤਾਂ ਕਿ ਉਹ ਭਵਿੱਖ ’ਚ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਣ ਜਾਂ ਨੌਕਰੀ ਲਈ ਅਰਜ਼ੀ ਦੇ ਸਕਣ।
ਉਨ੍ਹਾਂ ਦੱਸਿਆ ਕਿ “ਕੁਝ ਕੁੜੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਇਨ੍ਹਾਂ ਕੇਂਦਰਾਂ ਤੋਂ ਹੀ ਸਿਖਲਾਈ ਲਈ ਅਤੇ ਹੁਣ ਸਾਡੇ ਨਾਲ ਅਧਿਆਪਕ ਵਜੋਂ ਪੱਕੇ ਤੌਰ ’ਤੇ ਕੰਮ ਕਰ ਰਹੀਆਂ ਹਨ।” ਦੱਸ ਦੇਈਏ ਕਿ ਅਜਿਹਾ ਹੀ ਇਕ ਹੁਨਰ ਵਿਕਾਸ ਸਿਖਲਾਈ ਕੇਂਦਰ ਬਾਰਾਮੂਲਾ ਦੇ ਉਸ਼ਕੁਰਾ ਖ਼ੇਤਰ ਵਿਚ ਵੀ ਸਥਿਤ ਹੈ। ਉਥੇ ਸਮਾਜ ਭਲਾਈ ਵਿਭਾਗ ਦੇ ਅਧਿਆਪਕ ਕੁੜੀਆਂ ਨੂੰ ਵਿਸ਼ੇਸ਼ ਤੌਰ ’ਤੇ ਕੱਟਣ, ਟੇਲਰਿੰਗ ਅਤੇ ਬੁਣਾਈ ਦੀ ਸਿਖਲਾਈ ਦੇ ਰਹੇ ਹਨ।
ਦੂਜੇ ਪਾਸੇ ਸੈਂਟਰ ਦੇ ਇੰਸਟ੍ਰਕਟਰ ਮੁਜਾਬੁਲ ਨਿਸਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਜ਼ਿਲ੍ਹੇ ਵਿੱਚ 11 ਸੈਂਟਰ ਚਲਾ ਰਹੇ ਹਾਂ। ਅਜਿਹੇ ਹਰੇਕ ਕੇਂਦਰ ਵਿੱਚ ਤਕਰੀਬਨ 25 ਬੇਰੁਜ਼ਗਾਰ ਕੁੜੀਆਂ ਨੂੰ ਸਾਡੇ ਮਾਹਰ ਅਧਿਆਪਕਾਂ ਅਤੇ ਇੰਸਟ੍ਰਕਟਰਾਂ ਵਲੋਂ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਜਿਵੇਂ ਕਿ ਕੱਟਣ ਦੀ, ਟੇਲਰਿੰਗ ਕਰਨ ਦੀ, ਸੋਜ਼ਨੀ ਅਤੇ ਤਿਲੇ ਦੇ ਕੰਮ ਸਬੰਧੀ ਸਾਰੀ ਸਿਖਲਾਈ ਦਿੱਤੀ ਜਾ ਰਹੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਉਹ ਪ੍ਰੀਖਿਆ ਵੀ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਤੋਂ ਸਿਖਲਾਈ ਪ੍ਰਾਪਤ ਕਰ ਰਹੀਆਂ ਕੁੜੀਆਂ ਨੇ ਸਰਕਾਰ ਵੱਲੋਂ ਚੁੱਕੇ ਇਸ ਕਦਮ ਦੀ ਵੱਡੇ ਪੱਧਰ ’ਤੇ ਸ਼ਲਾਘਾ ਕੀਤੀ ਹੈ। ਇਸ ਸਿਖਲਾਈ ਦੇ ਸਦਕਾ ਕੁੜੀਆਂ ਵਜ਼ੀਫ਼ੇ ਵਜੋਂ ਪ੍ਰਤੀ ਸਾਲ 1,100 ਰੁਪਏ ਪ੍ਰਾਪਤ ਕਰ ਰਹੀਆਂ ਹਨ। ਏ.ਐੱਨ.ਆਈ ਨੂੰ ਜਾਣਕਾਰੀ ਦਿੰਦੇ ਕੁੜੀਆਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਕੇਂਦਰ ਦੀ ਸ਼ੁਰੂਆਤ ਕੀਤੀ। ਇਹ ਕੇਂਦਰ ਪੈਰਾਂ 'ਤੇ ਖੜੇ ਹੋਣ ’ਚ ਸਾਡੀ ਮਦਦ ਕਰਦਾ ਹੈ। ਸਾਨੂੰ ਹਰ ਸਾਲ 1,100 ਰੁਪਏ ਵੀ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਸਾਨੂੰ ਬਹੁਤ ਮਦਦ ਮਿਲਦੀ ਹੈ।