ਸ਼੍ਰੀਨਗਰ-ਲੇਹ ਸੜਕ ’ਤੇ ਜੋਜਿਲਾ ਪਾਸ ’ਚ ਬਰਫ ਦੇ ਤੋਦੇ ਡਿੱਗੇ, ਲੱਦਾਖ ਜਾ ਰਹੇ 5 ਵਾਹਨ ਦੱਬੇ

Monday, Apr 17, 2023 - 11:41 AM (IST)

ਸ਼੍ਰੀਨਗਰ-ਲੇਹ ਸੜਕ ’ਤੇ ਜੋਜਿਲਾ ਪਾਸ ’ਚ ਬਰਫ ਦੇ ਤੋਦੇ ਡਿੱਗੇ, ਲੱਦਾਖ ਜਾ ਰਹੇ 5 ਵਾਹਨ ਦੱਬੇ

ਸ਼੍ਰੀਨਗਰ/ਜੰਮੂ, (ਉਦੇ)– ਮੌਸਮ ’ਚ ਆਏ ਬਦਲਾਅ ਤੋਂ ਬਾਅਦ ਐਤਵਾਰ ਸ਼ਾਮ ਅਚਾਨਕ ਬਰਫ ਦੇ ਤੋਦੇ ਡਿੱਗਣ ਨਾਲ ਸ਼੍ਰੀਨਗਰ-ਲੇਹ ਸੜਕ ’ਤੇ ਸਾਮਾਨ ਲੈ ਕੇ ਲੱਦਾਖ ਜਾ ਰਹੇ 5 ਟਰੱਕ ਜੋਜਿਲਾ ਪਾਸ ’ਚ ਦੱਬ ਗਏ। ਹਾਲਾਂਕਿ ਇਸ ਦੌਰਾਨ ਵਾਹਨ ਚਾਲਕਾਂ ਨੂੰ ਬੀ. ਆਰ. ਓ. ਤੇ ਪੁਲਸ ਜਵਾਨਾਂ ਨੇ ਸੁਰੱਖਿਅਤ ਬਚਾਅ ਲਿਆ। ਸੂਚਨਾ ਮਿਲਣ ’ਤੇ ਕਾਰਗਿਲ ਪੁਲਸ ਅਤੇ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਮਾਲ ਨਾਲ ਲੱਦੇ ਵਾਹਨ ਸ਼੍ਰੀਨਗਰ ਤੋਂ ਲੇਹ ਅਤੇ ਕਾਰਗਿਲ ਲਈ ਜਾ ਰਹੇ ਸਨ। ਐਤਵਾਰ ਨੂੰ ਜਦ ਇਹ ਵਾਹਨ ਜੋਜਿਲਾ ਪਾਸ ’ਚ ਸ਼ੈਤਾਨੀ ਨਾਲੇ ਕੋਲ ਪਹੁੰਚੇ ਤਾਂ ਪਹਾੜਾਂ ਤੋਂ ਅਚਾਨਕ ਬਰਫ ਦੇ ਤੋਦੇ ਡਿੱਗਣੇ ਸ਼ੁਰੂ ਹੋ ਗਏ।

ਅਚਾਨਕ ਹੋਈ ਇਸ ਘਟਨਾ ’ਚ 6 ਲੋਕ ਕਿਸੇ ਤਰ੍ਹਾਂ ਨਾਲ ਆਪਣੇ ਵਾਹਨਾਂ ’ਚੋਂ ਬਾਹਰ ਨਿਕਲ ਆਏ ਅਤੇ ਸੁਰੱਖਿਅਤ ਸਥਾਨਾਂ ’ਤੇ ਪਹੁੰਚ ਗਏ। ਇਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 5 ਵਾਹਨਾਂ ’ਚੋਂ 4 ਟਰੱਕ ਅਤੇ ਇਕ ਨਿੱਜੀ ਵਾਹਨ ਸ਼ਾਮਲ ਹਨ।

4 ਜ਼ਿਲਿਆਂ ’ਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ

ਜੰਮੂ-ਕਸ਼ਮੀਰ ਆਫਤ ਪ੍ਰਬੰਧਨ ਅਥਾਰਿਟੀ (ਜੇ. ਕੇ. ਡੀ. ਐੱਮ. ਏ.) ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ 4 ਜ਼ਿਲਿਆਂ ’ਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਦਬਾਅ ਦੇ ਜ਼ੋਰਦਾਰ ਢੰਗ ਨਾਲ ਸਰਗਰਮ ਹੋਣ ਕਾਰਨ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਅਥਾਰਿਟੀ ਅਨੁਸਾਰ ਸਮੁੰਦਰ ਦੀ ਸਤ੍ਹਾ ਤੋਂ 3200 ਤੋਂ 3500 ਮੀਟਰ ਦੀ ਉੱਚਾਈ ਵਾਲੇ ਡੋਡਾ, ਕਿਸ਼ਤਵਾੜ, ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲੇ ’ਚ ਬਰਫ ਦੇ ਤੋਦੇ ਡਿੱਗ ਸਕਦੇ ਹਨ।


author

Rakesh

Content Editor

Related News