2 ਦਿਨ ਪਹਿਲਾਂ ਸਰਵਿਸ ਰਾਈਫਲ ਨਾਲ ਫਰਾਰ SSB ਜਵਾਨ ਦਾ ਗ੍ਰਿਫ਼ਤਾਰ
Friday, Oct 16, 2020 - 03:15 PM (IST)
ਜੰਮੂ- ਜੰਮੂ-ਕਸ਼ਮੀਰ ਦੇ ਬੜਗਾਮ ਕੈਂਪਸ ਤੋਂ ਆਪਣੀ ਸਰਵਿਸ ਰਾਈਫਲ ਨਾਲ ਫਰਾਰ ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਦੇ ਜਵਾਨ ਨੂੰ ਪੁਲਸ ਨੇ ਰਾਜੌਰੀ ਜ਼ਿਲ੍ਹੇ ਦੇ ਮਨਜਾਕੋਟੇ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੰਮੂ-ਪੁੰਛ ਰਾਜਮਾਰਗ ਇਲਾਕੇ ਦੇ ਨਾਕੇ 'ਤੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਸ਼੍ਰੀਨਗਰ ਤੋਂ ਜੰਮੂ ਵਾਇਆ ਮੁਗਲ ਰੋਡ ਰਸਤੇ 'ਤੇ ਫਲਾਂ ਨਾਲ ਭਰੇ ਟਰੱਕ ਨੂੰ ਰੋਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਐੱਸ.ਐੱਸ.ਬੀ. ਜਵਾਨ ਅਲਤਾਫ਼ ਹੁਸੈਨ ਟਰੱਕ ਚਾਲਕ ਨਾਲ ਬੈਠਾ ਹੋਇਆ ਸੀ ਅਤੇ ਉਸ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ਕੋਲੋਂ ਮੈਗਜ਼ੀਨ ਨਾਲ ਰਾਈਫਲ ਵੀ ਬਰਾਮਦ ਕਰ ਲਈ ਗਈ। ਐੱਸ.ਐੱਸ.ਬੀ. ਜਵਾਨ 2 ਦਿਨ ਪਹਿਲਾਂ ਮੱਧ ਕਸ਼ਮੀਰ ਦੇ ਬੜਗਾਮ 'ਚ ਇਕ ਕੈਂਪਸ ਤੋਂ ਆਪਣੀ ਸਰਵਿਸ ਰਾਈਫਲ ਅਤੇ ਮੈਗਜ਼ੀਨ ਨਾਲ ਫਰਾਰ ਹੋ ਗਿਆ ਸੀ। ਉਹ ਰਾਜੌਰੀ ਦੇ ਕੋਟਰਾਂਕਾ ਦੇ ਰੇਹਨ ਪਿੰਡ ਵਾਸੀ ਹੈ। ਪੁਲਸ ਨੇ ਕਿਹਾ,''ਪਹਿਲੀ ਨਜ਼ਰ ਇਹ ਅੱਤਵਾਦੀਆਂ ਨਾਲ ਸੰਬੰਧਤ ਮਾਮਲਾ ਨਹੀਂ ਲੱਗ ਰਿਹਾ ਹੈ ਪਰ ਅਸੀਂ ਹਰ ਐਂਗਲ ਨਾਲ ਜਾਂਚ ਕਰ ਰਹੇ ਹਾਂ।''