PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ

Saturday, Dec 26, 2020 - 01:03 PM (IST)

PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ

ਸ਼੍ਰੀਨਗਰ- ਜੰਮੂ-ਕਸ਼ਮੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੱਡੀ ਸੌਗਾਤ ਦਿੱਤੀ ਹੈ। ਪੀ.ਐੱਮ. ਮੋਦੀ ਨੇ ਜੰਮੂ ਕਸ਼ਮੀਰ 'ਚ ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਲਾਂਚ ਕੀਤੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਹਾਟੀ ਤੋਂ ਵੀਡੀਓ ਰਾਹੀਂ ਜੁੜੇ। ਉੱਥੇ ਹੀ ਸੂਬੇ ਦੇ ਉੱਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਰਹੇ। ਇਸ ਯੋਜਨਾ ਦਾ ਮਕਸਦ ਜੰਮੂ-ਕਸ਼ਮੀਰ 'ਚ ਯੂਨੀਵਰਸਲ ਹੈਲਥ ਕਵਰੇਜ ਯਕੀਨੀ ਕਰਨਾ ਹੈ, ਜਿਸ ਦਾ ਇਕ ਮਕਸਦ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਅਤੇ ਸਾਰੇ ਨਾਗਰਿਕਾਂ ਅਤੇ ਭਾਈਚਾਰਿਆਂ ਨੂੰ ਬਿਹਤਰ ਤੋਂ ਬਿਹਤਰ ਸਹੂਲਤ ਘੱਟ ਤੋਂ ਘੱਟ ਪੈਸਿਆਂ 'ਚ ਪ੍ਰਦਾਨ ਕਰਨਾ ਹੈ। ਇਹ ਯੋਜਨਾ ਸੂਬੇ 'ਚ ਰਹਿਣ ਵਾਲੇ 21 ਲੱਖ ਲੋਕਾਂ ਨੂੰ ਸਿਹਤ ਲਾਭ ਪਹੁੰਚਾਏਗੀ। ਦੱਸਣਯੋਗ ਹੈ ਕਿ ਇਸ ਸਹੂਲਤ ਦਾ ਲਾਭ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ ਦੇ ਆਧਾਰ 'ਤੇ ਤੈਅ ਕੀਤੇ ਗਏ ਯੋਗ ਲੋਕਾਂ ਨੂੰ ਮਿਲੇਗਾ। ਆਯੂਸ਼ਮਾਨ ਭਾਰਤ ਯੋਜਨਾ ਲਾਂਚ ਕਰਨ ਤੋਂ ਬਾਅਦ ਮੋਦੀ ਨੇ ਇਸ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੈਲਥ ਕਾਰਡ ਦਿੱਤੇ ਗਏ। ਵੱਖ-ਵੱਖ  ਲੋਕਾਂ ਨੇ ਆਪਣੀ ਬੀਮਾਰੀ ਅਤੇ ਠੀਕ ਹੋਣ ਦੇ ਅਨੁਭਵ ਪੀ.ਐੱਮ. ਮੋਦੀ ਨਾਲ ਸਾਂਝੇ ਕੀਤੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ

ਲੋਕਾਂ ਨੂੰ ਇਹ ਹੋਵੇਗਾ ਫ਼ਾਇਦਾ
ਇਹ ਯੋਜਨਾ ਜੰਮੂ-ਕਸ਼ਮੀਰ ਦੇ ਸਾਰੇ ਵਾਸੀਆਂ ਨੂੰ ਮੁਫ਼ਤ ਬੀਮਾ ਦੀ ਸਹੂਲਤ ਮੁਹੱਈਆ ਕਰਵਾਏਗੀ। ਇਸ 'ਚ ਇਕ ਪਰਿਵਾਰ ਲਈ 5 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਇਹ ਯੋਜਨਾ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨਾਲ ਕੰਮ ਕਰੇਗੀ। ਇਸ ਯੋਜਨਾ ਦੀ ਖ਼ਾਸੀਅਤ ਇਹ ਹੈ ਕਿ ਇਸ ਦੀਆਂ ਸਹੂਲਤਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਪੋਰਟੇਬਲ ਕੀਤਾ ਜਾ ਸਕਦਾ ਹੈ। ਜੋ ਵੀ ਹਸਪਤਾਲ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (PM-JAY) ਦੇ ਅਧੀਨ ਆਉਂਦੇ ਹਨ, ਉਹ ਸਾਰੇ ਹਸਪਤਾਲ ਇਸ ਯੋਜਨਾ ਦੇ ਅਧੀਨ ਵੀ ਆਉਣਗੇ। ਜੰਮੂ ਕਸ਼ਮੀਰ ਦੀ ਜਨਤਾ ਅਜਿਹੇ ਕਿਸੇ ਵੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਸਕੇਗੀ। ਲਾਂਚਿੰਗ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅਸੀਂ ਜੰਮੂ ਕਸ਼ਮੀਰ ਦੇ ਵਿਕਾਸ ਲਈ ਵਚਨਬੱਧ ਹਾਂ ਅਤੇ ਕਈ ਯੋਜਨਾਵਾਂ ਚੱਲ ਰਹੀਆਂ ਹਨ। ਜੰਮੂ ਕਸ਼ਮੀਰ ਹਿੰਸਾ ਤੋਂ ਮੁਕਤ ਹੈ। ਮਨੋਜ ਸਿਨਹਾ ਨੇ ਕਿਹਾ ਕਿ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਦੀ ਮਦਦ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਹੋਰ ਕਿਸ਼ਤ ਜਾਰੀ ਕੀਤੀ। ਕਾਫ਼ੀ ਸਮੇਂ ਬਾਅਦ ਜੰਮੂ ਕਸ਼ਮੀਰ 'ਚ ਬਿਨਾਂ ਕੋਈ ਹਿੰਸਾ ਦੇ ਕੋਈ ਚੋਣ ਹੋਈ। ਮਨੋਜ ਨੇ ਕਿਹਾ ਕਿ 28 ਦਸੰਬਰ ਨੂੰ ਨਵੇਂ ਚੁਣੇ ਡੀ.ਡੀ.ਸੀ. ਮੈਂਬਰ ਸਹੁੰ ਚੁੱਕਣਗੇ। ਜੰਮੂ ਦੇਸ਼ ਦਾ ਇਕਲੌਤਾ ਸ਼ਹਿਰ ਹੈ, ਜਿੱਥੇ ਆਈ.ਆਈ.ਐੱਮ. (ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ), ਆਈ.ਆਈ.ਟੀ. (ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ) ਅਤੇ ਆਈ.ਆਈ.ਐੱਮ.ਸੀ. (ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ) ਹੈ। ਉਨ੍ਹਾਂ ਨੇ ਕਿਹਾ ਕਿ 2 ਏਮਜ਼ ਜੰਮੂ-ਕਸ਼ਮੀਰ ਨੂੰ ਅਲਾਟ ਹੋਏ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News