ਜੰਮੂ-ਕਸ਼ਮੀਰ ''ਚ ਭਾਰੀ ਬਰਫਬਾਰੀ ਕਾਰਨ ਰਾਸ਼ਟਰੀ ਹਾਈਵੇਅ ਬੰਦ
Saturday, Nov 03, 2018 - 01:32 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਦੀ ਸਵੇਰ ਨੂੰ ਵੱਖ-ਵੱਖ ਥਾਵਾਂ 'ਤੇ ਬਰਫਬਾਰੀ ਹੋਈ। ਬਰਫਬਾਰੀ ਕਾਰਨ ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ 300 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਬੰਦ ਹੋ ਗਿਆ। ਇਤਿਹਾਸਕ ਮੁਗ਼ਲ ਰੋਡ 'ਭਾਰੀ ਮੀਂਹ ਮਗਰੋਂ ਬਰਫਬਾਰੀ ਕਾਰਨ ਅੱਜ ਤੀਜੇ ਦਿਨ ਵੀ ਬੰਦ ਰਿਹਾ। ਇਕ ਆਵਾਜਾਈ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਅਤੇ ਰਾਮਸੂ ਵਿਚਾਲੇ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਕਸ਼ਮੀਰ ਦੇ ਰਾਸ਼ਟਰੀ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਆਮ ਕਰਨ ਲਈ ਸੀਮਾ ਸੜਕ ਸੰਗਠਨ (ਬੀ. ਆਰ. ਓ.) ਅਤੇ ਭਾਰਤੀ ਰਾਸ਼ਟਰੀ ਹਾਈਵੇਅ ਅਥਾਰਿਟੀ ਨੇ ਮਸ਼ੀਨਾਂ ਦੀ ਮਦਦ ਨਾਲ ਸੜਕ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰੀ ਬਰਫਬਾਰੀ ਅਤੇ ਰਾਤ ਦੇ ਸਮੇਂ ਕੜਾਕੇ ਦੀ ਠੰਡ ਪੈਣ ਕਾਰਨ ਸੜਕ 'ਤੇ ਫਿਸਲਣ ਵਧ ਗਈ ਹੈ, ਜਿਸ ਕਾਰਨ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਵਾਹਨਾਂ ਦੀ ਆਵਾਜਾਈ ਕਦੋਂ ਸ਼ੁਰੂ ਹੋਵੇਗੀ। ਪੁੰਛ ਦੇ ਸੀਨੀਅਰ ਪੁਲਸ ਸੁਪਰਡੈਂਟ ਰਾਜੀਵ ਪਾਂਡੇ ਨੇ ਸ਼ਨੀਵਾਰ ਭਾਵ ਅੱਜ ਟਵਿੱਟਰ 'ਤੇ ਟਵੀਟ ਕੀਤਾ, ''ਅੱਜ ਸਵੇਰੇ ਭਾਰੀ ਬਰਫਬਾਰੀ ਕਾਰਨ ਪੀਰ ਦੀ ਗਲੀ 'ਚ ਫਸੇ 60 ਟਰੱਕ ਡਰਾਈਵਰਾਂ ਨੂੰ ਭਾਰਤੀ ਫੌਜ ਦੀ ਮਦਦ ਨਾਲ ਬਚਾਇਆ ਗਿਆ।
