ਜੇ.ਕੇ.ਸੀ.ਏ. ਧਨ ਸੋਧ ਮਾਮਲੇ ''ਚ ਫਾਰੂਖ ਅਬਦੁੱਲਾ ਈ.ਡੀ. ਦੇ ਸਾਹਮਣੇ ਮੁੜ ਪੇਸ਼ ਹੋਏ

Wednesday, Oct 21, 2020 - 02:05 PM (IST)

ਜੇ.ਕੇ.ਸੀ.ਏ. ਧਨ ਸੋਧ ਮਾਮਲੇ ''ਚ ਫਾਰੂਖ ਅਬਦੁੱਲਾ ਈ.ਡੀ. ਦੇ ਸਾਹਮਣੇ ਮੁੜ ਪੇਸ਼ ਹੋਏ

ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਇਕ ਹਫ਼ਤੇ 'ਚ ਦੂਜੀ ਵਾਰ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕੋਟਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੀ ਇਹ ਪੇਸ਼ੀ ਜੰਮੂ-ਕਸ਼ਮੀਰ ਕ੍ਰਿਕੇਟ ਐਸੋਸੀਏਸ਼ਨ (ਜੇ.ਕੇ.ਸੀ.ਏ.) 'ਚ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧਨ ਸੋਧ ਦੇ ਮਾਮਲੇ 'ਚ ਪੁੱਛ-ਗਿੱਛ ਲਈ ਹੋਈ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ 83 ਸਾਲਾ ਅਬਦੁੱਲਾ ਤੋਂ ਇਸ ਸਿਲਸਿਲੇ 'ਚ 19 ਅਕਤੂਬਰ ਨੂੰ ਈ.ਡੀ. ਨੇ ਕਰੀਬ 6 ਘੰਟੇ ਤੱਕ ਪੁੱਛ-ਗਿੱਛ ਕੀਤੀ ਸੀ। ਅਬਦੁੱਲਾ ਨੇ ਸੋਮਵਾਰ ਨੂੰ ਪੁੱਛ-ਗਿੱਛ ਤੋਂ ਬਾਅਦ ਕਿਹਾ ਸੀ ਕਿ ਉਹ ਇਸ ਤੋਂ ਚਿੰਤਤ ਨਹੀਂ ਹੈ ਅਤੇ ਜਾਂਚ 'ਚ ਸਹਿਯੋਗ ਕਰਨਗੇ। ਪਿਛਲੀ ਵਾਰ ਪੁੱਛ-ਗਿੱਛ ਜੰਮੂ-ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਸਮੇਤ ਮੁੱਖ ਧਾਰਾ ਦੀਆਂ ਪਾਰਟੀਆਂ ਦੀ ਅਬਦੁੱਲਾ ਦੇ ਘਰ ਬੈਠਕ ਅਤੇ 'ਗੁਪਕਰ ਐਲਾਨ ਪੱਤਰ' ਲਈ ਗਠਜੋੜ ਬਣਾਉਣ ਦੇ ਫੈਸਲੇ ਦੇ 4 ਦਿਨ ਬਾਅਦ ਹੋਈ ਸੀ।

ਈ.ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅਬਦੁੱਲਾ ਦਾ ਬਿਆਨ ਧਨ ਸੋਧ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਦਰਜ ਕੀਤਾ ਜਾਵੇਗਾ। ਉਨ੍ਹਾਂ ਤੋਂ ਪਹਿਲੀ ਵਾਰ ਪਿਛਲੇ ਸਾਲ ਜੁਲਾਈ 'ਚ ਚੰਡੀਗੜ੍ਹ 'ਚ ਪੁੱਛ-ਗਿੱਛ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਈ.ਡੀ. ਅਬਦੁੱਲਾ ਤੋਂ ਜੇ.ਕੇ.ਸੀ.ਏ. ਦੇ ਪ੍ਰਧਾਨ ਰਹਿੰਦੇ ਹੋਏ ਐਸੋਸੀਏਸ਼ਨ 'ਚ ਹੋਈ ਧੋਖਾਧੜੀ ਦੌਰਾਨ ਉਨ੍ਹਾਂ ਦੀ ਭੂਮਿਕਾ ਅਤੇ ਫੈਸਲੇ ਬਾਰੇ ਪੁੱਛ-ਗਿੱਛ ਕਰ ਰਿਹਾ ਹੈ। ਈ.ਡੀ. ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਜੇ.ਕੇ.ਸੀ.ਏ. ਦੇ ਅਹੁਦਾ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਹੈ, ਜਿਨ੍ਹਾਂ 'ਚ ਜਨਰਲ ਸਕੱਤਰ ਮੁਹੰਮਦ ਸਲੀਮ ਖਾਨ ਅਤੇ ਸਾਬਕਾ ਖਜ਼ਾਨਚੀ ਅਹਿਸਾਨ ਅਹਿਮਦ ਮਿਰਜਾ ਸ਼ਾਮਲ ਹਨ। ਸੀ.ਬੀ.ਆਈ. ਨੇ ਸਾਲ 2018 'ਚ ਅਬਦੁੱਲਾ, ਖਾਨ ਅਤੇ ਮਿਰਜਾ ਤੋਂ ਇਲਾਵਾ ਸਾਬਕਾ ਖਜ਼ਾਨਚੀ ਮੀਰ ਮੰਜ਼ੂਰ ਗਜਨੱਫਰ ਅਲੀ, ਸਾਬਕਾ ਲੇਖਾਕਾਰ ਬਸ਼ੀਰ ਅਹਿਮਦ ਮਿਸਗਰ ਅਤੇ ਗੁਲਜਾਰ ਅਹਿਮਦ ਬੇਗ ਵਿਰੁੱਧ ਜੇ.ਕੀ.ਸੀ.ਏ. ਦੇ ਫੰਡ 'ਚ ਕਰੀਬ 43.69 ਕਰੋੜ ਰੁਪਏ ਦੀ ਗੜਬੜੀ ਕਰਨ ਨੂੰ ਲੈ ਕੇ ਦੋਸ਼ ਪੱਤਰ ਦਾਖਲ ਕੀਤਾ। ਇਹ ਰਾਸ਼ੀ ਭਾਰਤੀ ਕ੍ਰਿਕੇਟ ਬੋਰਡ (ਬੀ.ਸੀ.ਸੀ.ਆਈ.) ਨੇ ਸਾਲ 2002 ਤੋਂ 2011 ਦਰਮਿਆਨ ਸੂਬੇ 'ਚ ਕ੍ਰਿਕੇਟ ਨੂੰ ਉਤਸ਼ਾਹਤ ਕਰਨ ਲਈ ਅਲਾਟ ਕੀਤੀ ਸੀ।


author

DIsha

Content Editor

Related News