ਜੰਮੂ ਕਸ਼ਮੀਰ : ਕੁਪਵਾੜਾ ’ਚ 8 ਥਾਵਾਂ ’ਤੇ ਐੱਸ.ਆਈ.ਯੂ. ਦੇ ਛਾਪੇ
Friday, Jan 06, 2023 - 02:57 PM (IST)

ਜੰਮੂ/ਕੁਪਵਾੜਾ (ਉਦੈ/ਅਰੀਜ)- ਜੰਮੂ-ਕਸ਼ਮੀਰ ਪੁਲਸ ਦੀ ਸੂਬਾ ਜਾਂਚ ਇਕਾਈ (ਐੱਸ.ਆਈ.ਯੂ.) ਨੇ ਵੀਰਵਾਰ ਨੂੰ ਖੇਤਰ ਵਿਚ ਅੱਤਵਾਦੀ ਕਾਰਵਾਈਆਂ ਨਾਲ ਸੰਬੰਧਿਤ ਇਕ ਮਾਮਲੇ ਵਿਚ ਕੁਪਵਾੜਾ ਜ਼ਿਲ੍ਹੇ ਵਿਚ 8 ਥਾਵਾਂ ’ਤੇ ਛਾਪੇਮਾਰੀ ਕੀਤੀ। ਐੱਸ.ਐੱਸ.ਪੀ. ਕੁਪਵਾੜਾ ਯੁਗਲ ਮਨਹਾਸ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹੇ ਦੇ ਅੰਦਰ ਸਰਗਰਮ ਅੱਤਵਾਦੀ ਤੱਤਾਂ ਅਤੇ ਈਕੋਸਿਸਟਮ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਇਕ ਕਦਮ ਹੈ। ਉਨ੍ਹਾਂ ਕਿਹਾ ਕਿ 8 ਅੱਤਵਾਦੀਆਂ ਦੇ ਸ਼ੱਕੀ ਰਿਸ਼ਤੇਦਾਰਾਂ ਦੇ ਰਿਹਾਇਸ਼ੀ ਘਰਾਂ ਵਿਚ ਤਲਾਸ਼ੀ ਲਈ ਗਈ, ਜੋ ਨਾਜਾਇਜ਼ ਰੂਪ ਨਾਲ ਐੱਲ.ਓ.ਸੀ. ਪਾਰ ਕਰ ਕੇ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਗਏ ਹਨ, ਜੋ ਹਿਜ਼ਬੁਲ ਮੁਜਾਹਿਦੀਨ, ਲਸ਼ਕਰ ਅਤੇ ਜੈਸ਼-ਏ-ਮੁਹੰਮਦ ਆਦਿ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਸੰਬੰਧਤ ਹਨ।
ਮੁੱਢਲੀ ਜਾਂਚ ਮੁਤਾਬਕ ਇਹ ਅੱਤਵਾਦੀ ਸਰਗਰਮ ਰੂਪ ਨਾਲ ਸਾਜ਼ਿਸ਼ ਰਚਣ ਅਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਸੌਖਾ ਬਣਾਉਣ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਕਰਨ ਤੋਂ ਇਲਾਵਾ ਸਾਈਬਰ ਸਪੇਸ ਦੀ ਵਰਤੋਂ ਕਰਨ ਤੋਂ ਇਲਾਵਾ ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਕਰਨ ਲਈ ਪੈਸਾ ਇਕੱਠਾ ਕਰਨ ਵਿਚ ਸ਼ਾਮਲ ਪਾਏ ਗਏ ਹਨ। ਅਦਾਲਤ ਤੋਂ ਤਲਾਸ਼ੀ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਕੁਪਵਾੜਾ ਜ਼ਿਲੇ ਦੇ ਹਯਹਾਮਾ, ਕ੍ਰਾਲਪੋਰਾ, ਮਿਰਨਾਗ, ਲੋਲਾਬ ਅਤੇ ਸੁਲਕੂਟ ਇਲਾਕਿਆਂ ਵਿਚ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੋਬਾਇਲ ਫੋਨ ਅਤੇ ਹੋਰ ਸਮੱਗਰੀਆਂ ਸਮੇਤ ਮਹੱਤਵਪੂਰਨ ਸਬੂਤ ਜ਼ਬਤ ਕੀਤੇ ਗਏ ਹਨ, ਜੋ ਜਾਂਚ ਲਈ ਸਹੀ ਹਨ।