ਜੰਮੂ-ਕਸ਼ਮੀਰ ''ਚ DDC ਦੇ ਦੂਜੇ ਪੜਾਅ ਲਈ ਪੈ ਰਹੀਆਂ ਵੋਟਾਂ, 321 ਉਮੀਦਵਾਰ ਮੈਦਾਨ ''ਚ
Tuesday, Dec 01, 2020 - 02:08 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਕੜਾਕੇ ਦੀ ਠੰਡ ਅਤੇ ਸਖਤ ਸੁਰੱਖਿਆ ਇੰਤਜ਼ਾਮ ਦਰਮਿਆਨ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀ. ਡੀ. ਸੀ.) ਦੇ ਦੂਜੇ ਪੜਾਅ ਲਈ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਸ਼ੁਰੂਆਤੀ ਸੂਚਨਾ ਮੁਤਾਬਕ ਸਵੇਰੇ ਕੜਾਕੇ ਦੀ ਠੰਡ ਕਾਰਨ ਬਹੁਤ ਘੱਟ ਲੋਕ ਵੋਟਿੰਗ ਕੇਂਦਰਾਂ ਵਿਚ ਪਹੁੰਚੇ ਹਨ। ਤਾਪਮਾਨ ਵਧਣ ਦੇ ਨਾਲ-ਨਾਲ ਵੋਟਿੰਗ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਡੀ. ਡੀ. ਸੀ. ਦੇ ਦੂਜੇ ਪੜਾਅ ਦੀਆਂ ਚੋਣਾਂ ਲਈ 321 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਸ ਪੜਾਅ ਵਿਚ ਰਜਿਸਟਰਡ 7.90 ਲੱਖ ਵੋਟਰਾਂ ਲਈ 2,142 ਵੋਟਿੰਗ ਕੇਂਦਰ ਬਣਾਏ ਗਏ ਹਨ। ਜੰਮੂ-ਕਸ਼ਮੀਰ 'ਚ 280 ਸੀਟਾਂ ਹਨ, ਜਿਨ੍ਹਾਂ 'ਚ ਦੂਜੇ ਪੜਾਅ 'ਚ 43 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 'ਚ 25 ਕਸ਼ਮੀਰ 'ਚ ਅਤੇ 18 ਜੰਮੂ ਵਿਚ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ 83 ਸਰਪੰਚ ਅਹੁਦਿਆਂ ਲਈ ਚੋਣਾਂ ਹੋ ਰਹੀਆਂ ਹਨ, ਜਿਸ ਲਈ 223 ਉਮੀਦਵਾਰ ਮੈਦਾਨ ਵਿਚ ਹੈ।
ਇਸ ਤੋਂ ਇਲਾਵਾ 331 ਪੰਚ ਅਹੁਦਿਆਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਜਿਸ ਲਈ 700 ਤੋਂ ਵਧੇਰੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਪ੍ਰਸ਼ਾਸਨ ਨੇ ਘਾਟੀ ਦੇ ਸਾਰੇ 1300 ਵੋਟਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਕੇ. ਕੇ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਸੁਰੱਖਿਆ ਦੇ ਨਜ਼ਰ ਤੋਂ ਕਸ਼ਮੀਰ ਦੇ ਲੱਗਭਗ ਸਾਰੇ ਵੋਟਿੰਗ ਕੇਂਦਰ ਸੰਵੇਦਨਸ਼ੀਲ ਹਨ। ਘਾਟੀ ਦੇ ਵੋਟਿੰਗ ਕੇਂਦਰ 'ਤੇ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।