ਜਲ ਜੀਵਨ ਮਿਸ਼ਨ: ਪੇਂਡੂ ਭਾਰਤ 'ਚ ਔਰਤਾਂ ਦੇ ਸਸ਼ਕਤੀਕਰਨ 'ਚ ਵੱਡਾ ਯੋਗਦਾਨ
Thursday, Dec 12, 2024 - 03:46 PM (IST)
ਨੈਸ਼ਨਲ ਡੈਸਕ- ਭਾਰਤੀ ਸਟੇਟ ਬੈਂਕ ਦੀ ਇਕ ਤਾਜ਼ਾ ਖੋਜ ਰਿਪੋਰਟ 'ਚ ਜਲ ਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਕੁਝ ਮਹੱਤਵਪੂਰਨ ਅੰਕੜੇ ਪੇਸ਼ ਕੀਤੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਲ ਜੀਵਨ ਮਿਸ਼ਨ ਨੇ ਪੇਂਡੂ ਭਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਬਦਲਾਅ ਲਿਆਂਦੇ ਹਨ।
ਔਰਤਾਂ ਦੀ ਭਾਗੀਦਾਰੀ 'ਚ ਵਾਧਾ
ਇਸ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਦੇਸ਼ ਭਰ 'ਚ ਬਾਹਰੋਂ ਪਾਣੀ ਲਿਆਉਣ ਵਾਲੇ ਘਰਾਂ ਦੀ ਗਿਣਤੀ 'ਚ 8.3 ਫੀਸਦੀ ਦੀ ਕਮੀ ਆਈ ਹੈ। ਇਸ ਦਾ ਸਿੱਧਾ ਅਸਰ ਔਰਤਾਂ ਦੀ ਖੇਤੀਬਾੜੀ ਅਤੇ ਹੋਰ ਗਤੀਵਿਧੀਆਂ 'ਚ ਭਾਗੀਦਾਰੀ 'ਤੇ ਪਿਆ ਹੈ ਅਤੇ ਔਰਤਾਂ ਦੀ ਭਾਗੀਦਾਰੀ ਵਿਚ 7.4 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਹ ਵਾਧਾ ਖਾਸ ਤੌਰ 'ਤੇ ਬਿਹਾਰ ਅਤੇ ਆਸਾਮ ਵਰਗੇ ਸੂਬਿਆਂ 'ਚ ਦੇਖਿਆ ਗਿਆ ਜਿੱਥੇ ਮਹਿਲਾ ਕਾਰਜਬਲ ਦੀ ਭਾਗੀਦਾਰੀ 28 ਫੀਸਦੀ ਵਧੀ ਹੈ। ਇਹ ਉਨ੍ਹਾਂ ਸੂਬਿਆਂ ਵਿਚ ਟੂਟੀ ਦੇ ਪਾਣੀ ਤੱਕ ਪਹੁੰਚ ਦੇ ਲਾਭਾਂ ਨੂੰ ਦਰਸਾਉਂਦਾ ਹੈ ਜੋ ਮੁਕਾਬਲਤਨ ਗਰੀਬ ਹਨ।
ਜਲ ਜੀਵਨ ਮਿਸ਼ਨ ਦਾ ਇਤਿਹਾਸ ਅਤੇ ਉਦੇਸ਼
ਜਲ ਜੀਵਨ ਮਿਸ਼ਨ 15 ਅਗਸਤ 2019 ਨੂੰ ਭਾਰਤ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਮਹੱਤਵਪੂਰਨ ਪ੍ਰੋਗਰਾਮ ਹੈ, ਜਿਸਦਾ ਉਦੇਸ਼ ਹਰ ਪੇਂਡੂ ਘਰ 'ਚ ਕਾਰਜਸ਼ੀਲ ਟੂਟੀ ਵਾਟਰ ਕੁਨੈਕਸ਼ਨ ਪ੍ਰਦਾਨ ਕਰਨਾ ਹੈ। ਜਦੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਸੀ, ਉਦੋਂ ਸਿਰਫ਼ 3.23 ਕਰੋੜ (17%) ਪੇਂਡੂ ਪਰਿਵਾਰਾਂ ਕੋਲ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਸਨ ਪਰ 10 ਅਕਤੂਬਰ 2024 ਤੱਕ ਇਸ ਮਿਸ਼ਨ ਤਹਿਤ 11.96 ਕਰੋੜ ਨਵੇਂ ਕੁਨੈਕਸ਼ਨ ਜੋੜੇ ਜਾ ਚੁੱਕੇ ਹਨ, ਜਿਸ ਨਾਲ ਕੁੱਲ ਕਵਰੇਜ 15.20 ਕਰੋੜ ਘਰਾਂ ਤੱਕ ਪਹੁੰਚ ਗਈ ਹੈ ਯਾਨੀ ਕਿ 78.62 ਫ਼ੀਸਦੀ ਪੇਂਡੂ ਘਰਾਂ ਵਿਚ ਟੂਟੀ ਦਾ ਪਾਣੀ ਪਹੁੰਚ ਚੁੱਕਾ ਹੈ।
ਆਰਥਿਕ ਅਤੇ ਸਮਾਜਿਕ ਲਾਭ
ਝਾਰਖੰਡ ਵਿਚ ਘਰਾਂ 'ਚ ਪਾਣੀ ਦੀ ਢੋਆ-ਢੁਆਈ 'ਚ 10.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਖੇਤੀਬਾੜੀ ਗਤੀਵਿਧੀਆਂ 'ਚ ਔਰਤਾਂ ਦੀ ਭਾਗੀਦਾਰੀ 'ਚ 13.7 ਫੀਸਦੀ ਵਾਧਾ ਹੋਇਆ। ਇਸ ਯੋਜਨਾ ਦਾ ਮੱਧ ਪ੍ਰਦੇਸ਼ ਦੀ ਪੇਂਡੂ ਉਤਪਾਦਕਤਾ 'ਤੇ ਵੀ ਸਕਾਰਾਤਮਕ ਪ੍ਰਭਾਵ ਪਿਆ ਹੈ, ਜਿੱਥੇ ਪਾਣੀ ਲਿਆਉਣ 'ਤੇ ਨਿਰਭਰਤਾ 17.6 ਫ਼ੀਸਦੀ ਘੱਟ ਗਈ ਹੈ। ਇੱਥੋਂ ਤੱਕ ਕਿ ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਰਗੇ ਸੂਬਿਆਂ 'ਚ ਵੀ ਜਲ ਜੀਵਨ ਮਿਸ਼ਨ ਦੇ ਤਹਿਤ ਟੂਟੀ ਦੇ ਪਾਣੀ ਦੇ ਕੁਨੈਕਸ਼ਨਾਂ ਨੇ ਪੇਂਡੂ ਭਾਈਚਾਰਿਆਂ ਨੂੰ ਉਤਪਾਦਕ ਗਤੀਵਿਧੀਆਂ 'ਚ ਆਪਣਾ ਸਮਾਂ ਅਤੇ ਊਰਜਾ ਸਮਰਪਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ, ਜਿਸ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ।
ਸਿਹਤ ਅਤੇ ਸਿੱਖਿਆ 'ਚ ਸੁਧਾਰ
ਜਲ ਜੀਵਨ ਮਿਸ਼ਨ ਤਹਿਤ ਸਾਫ਼ ਪਾਣੀ ਦੀ ਉਪਲਬਧਤਾ ਨੇ ਵੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਕੇਰਲ ਵਰਗੇ ਰਾਜਾਂ 'ਚਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ 'ਚ ਕਮੀ ਆਈ ਹੈ, ਜਿਸ ਕਾਰਨ ਬੱਚਿਆਂ ਦੀ ਸਕੂਲੀ ਹਾਜ਼ਰੀ 'ਚ ਵੀ ਵਾਧਾ ਹੋਇਆ ਹੈ।