ਅਮਰੀਕਾ ਦਾ ਸਭ ਤੋਂ ਵੱਡਾ ਸਮਾਰਟਫ਼ੋਨ ਸਪਲਾਇਰ ਬਣਿਆ ਭਾਰਤ, 11 ਸਾਲਾਂ ਦੌਰਾਨ ਉਤਪਾਦਨ ''ਚ 6 ਗੁਣਾ ਵਾਧਾ
Monday, Aug 11, 2025 - 12:27 PM (IST)

ਨਵੀਂ ਦਿੱਲੀ- ਕੇਂਦਰੀ ਰੇਲ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਹੁਣ ਅਮਰੀਕਾ ਦਾ ਸਭ ਤੋਂ ਵੱਡਾ ਸਮਾਰਟਫੋਨ ਸਪਲਾਇਰ ਬਣ ਗਿਆ ਹੈ। ਬੈਂਗਲੁਰੂ 'ਚ ਮੈਟਰੋ ਪ੍ਰਾਜੈਕਟਾਂ ਦੇ ਉਦਘਾਟਨ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ 11 ਸਾਲਾਂ 'ਚ ਭਾਰਤ ਦਾ ਇਲੈਕਟ੍ਰਾਨਿਕਸ ਉਤਪਾਦਨ 6 ਗੁਣਾ ਵੱਧ ਕੇ 12 ਲੱਖ ਕਰੋੜ ਰੁਪਏ ਹੋ ਗਿਆ ਹੈ, ਜਦਕਿ ਇਲੈਕਟ੍ਰਾਨਿਕਸ ਨਿਰਯਾਤ 8 ਗੁਣਾ ਵੱਧ ਕੇ 3 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਵੈਸ਼ਣਵ ਨੇ ਕਿਹਾ ਕਿ ਭਾਰਤ ਦੁਨੀਆ 'ਚ ਮੋਬਾਈਲ ਫੋਨ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ। ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ 'ਚ ਅਮਰੀਕਾ 'ਚ ਆਯਾਤ ਕੀਤੇ ਗਏ ਸਮਾਰਟਫੋਨਾਂ 'ਚ ਭਾਰਤ ਦਾ ਹਿੱਸਾ 44 ਫੀਸਦੀ ਰਿਹਾ, ਜੋ ਪਿਛਲੇ ਸਾਲ ਦੇ ਇਸੇ ਸਮੇਂ 13 ਫੀਸਦੀ ਸੀ। ਚੀਨ 'ਚ ਤਿਆਰ ਹੋਣ ਵਾਲੇ ਅਮਰੀਕੀ ਸਮਾਰਟਫੋਨਾਂ ਦੀ ਸ਼ਿਪਮੈਂਟ 'ਚ ਆਈ ਕਮੀ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਨੂੰ ਹੋਇਆ ਹੈ, ਜਿਸ ਦਾ ਕਾਰਨ ਐਪਲ ਦੀ ‘ਚਾਈਨਾ ਪਲੱਸ ਵਨ’ ਰਣਨੀਤੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ, 2014 'ਚ ਜਿੱਥੇ ਭਾਰਤ 'ਚ ਸਿਰਫ਼ 2 ਮੋਬਾਈਲ ਮੈਨੂਫੈਕਚਰਿੰਗ ਯੂਨਿਟ ਸਨ, ਉੱਥੇ ਹੁਣ 300 ਹਨ। 2014 'ਚ ਦੇਸ਼ 'ਚ ਵਿਕਣ ਵਾਲੇ ਸਿਰਫ਼ 26 ਫੀਸਦੀ ਮੋਬਾਈਲ ਫੋਨ ਹੀ ਸਥਾਨਕ ਤੌਰ ‘ਤੇ ਬਣਦੇ ਸਨ, ਜੋ ਹੁਣ 99.2 ਫੀਸਦੀ ਤੱਕ ਪਹੁੰਚ ਗਏ ਹਨ। ਸਥਾਨਕ ਪੱਧਰ ‘ਤੇ ਬਣੇ ਮੋਬਾਈਲ ਫੋਨਾਂ ਦੀ ਕੁੱਲ ਕੀਮਤ 2014 ਦੇ 18,900 ਕਰੋੜ ਰੁਪਏ ਤੋਂ ਵਧ ਕੇ 2024 'ਚ 4.22 ਲੱਖ ਕਰੋੜ ਰੁਪਏ ਹੋ ਗਈ ਹੈ।
ਇਹ ਵਾਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਗਲੋਬਲ ਟੈਕਨਾਲੋਜੀ ਹੱਬ ਬਣਾਉਣ ਦੇ ਦ੍ਰਿਸ਼ਟੀਕੋਣ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਦੇਸ਼ ਦੀ ਵੱਧ ਰਹੀ ਮੁਕਾਬਲਾਤਮਕ ਸਥਿਤੀ ਦੇ ਅਨੁਕੂਲ ਹੈ। ਅੱਜ ਭਾਰਤ, ਚੀਨ ਅਤੇ ਵਿਆਤਨਾਮ ਦੇ ਨਾਲ ਮਿਲ ਕੇ ਗਲੋਬਲ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ 'ਚ ਇਕ ਮਹੱਤਵਪੂਰਨ ਖਿਡਾਰੀ ਬਣ ਚੁੱਕਾ ਹੈ। ਮੋਬਾਈਲ ਫੋਨਾਂ ਦਾ ਸ਼ੁੱਧ ਨਿਰਯਾਤ ਵਿੱਤੀ ਸਾਲ 2018 ਦੇ 0.2 ਅਰਬ ਡਾਲਰ ਤੋਂ ਵਧ ਕੇ 2025 'ਚ 24.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8