ਜੇਤਲੀ ਦਾ ਟਵੀਟ-ਅਰਥਵਿਵਸਥਾ ਹੋਈ ਮਜ਼ਬੂਤ, ਮਨਮੋਹਨ ਬੋਲੇ-ਜ਼ਖ਼ਮ ਹੋਏ ਡੂੰਘੇ
Friday, Nov 09, 2018 - 08:36 AM (IST)

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਨੋਟਬੰਦੀ ਕਾਰਨ ਰਸਮੀ ਅਰਥਵਿਵਸਥਾ ਮਜ਼ਬੂਤ ਹੋਈ ਅਤੇ ਟੈਕਸਾਂ ਦਾ ਆਧਾਰ ਵਧਿਆ।
ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਵੀਰਵਾਰ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਇਸ ਪਿੱਛੋਂ ਗਰੀਬਾਂ ਦੇ ਹਿੱਤਾਂ ਲਈ ਕੰਮ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਨੂੰ ਵਧੇਰੇ ਸੋਮੇ ਮਿਲੇ। ਰਾਜਗ ਸਰਕਾਰ ਦੇ ਪਹਿਲੇ 4 ਸਾਲ ਵਿਚ ਆਮਦਨ ਕਰ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ 6.86 ਕਰੋੜ ਹੋ ਗਈ। ਮਈ 2014 ਤੱਕ ਇਹ ਗਿਣਤੀ 3.8 ਕਰੋੜ ਸੀ। ‘ਨੋਟਬੰਦੀ ਦਾ ਪ੍ਰਭਾਵ’ ਵਿਸ਼ੇ ’ਤੇ ਲਿਖੇ ਆਪਣੇ ਇਕ ਲੇਖ ਵਿਚ ਜੇਤਲੀ ਨੇ ਕਿਹਾ ਕਿ ਮੋਦੀ ਸਰਕਾਰ ਦੇ 5 ਸਾਲ ਪੂਰੇ ਹੋਣ ਤੱਕ ਅਸੀਂ ਟੈਕਸ ਦਾਤਿਆਂ ਦੀ ਗਿਣਤੀ ਦੁੱਗਣੀ ਕਰ ਚੁੱਕੇ ਹੋਵਾਂਗੇ। ਉਨ੍ਹਾਂ ਕਿਹਾ ਕਿ ਨਵੰਬਰ 2016 ਵਿਚ ਉਸ ਸਮੇਂ ਚੱਲਣ ਵਾਲੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਸਿੱਟਾ ਇਹ ਹੋਇਆ ਕਿ ਸਾਡੀ ਅਰਥਵਿਵਸਥਾ ਵਧੇਰੇ ਰਸਮੀ ਹੋਈ, ਵਧੇਰੇ ਮਾਲੀਆ ਮਿਲਿਆ, ਗਰੀਬਾਂ ਲਈ ਵੱਧ ਸੋਮੇ ਮਿਲੇ, ਬੁਨਿਆਦੀ ਢਾਂਚਾ ਵਧੀਆ ਹੋਇਆ ਅਤੇ ਲੋਕਾਂ ਦਾ ਜੀਵਨ ਪੱਧਰ ਸੁਧਰ ਗਿਆ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਅਰਥਵਿਵਸਥਾ ਦੀ ਤਬਾਹੀ ਵਾਲੇ ਇਸ ਕਦਮ ਦਾ ਅਸਰ ਹੁਣ ਸਪੱਸ਼ਟ ਹੋ ਚੁੱਕਾ ਹੈ ਅਤੇ ਇਸ ਦੇ ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ।
ਇਕ ਬਿਆਨ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਅਜਿਹਾ ਕੋਈ ਆਰਥਿਕ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਕਾਰਨ ਅਰਥਵਿਵਸਥਾ ਸਬੰਧੀ ਗੈਰ-ਯਕੀਨੀ ਵਾਲੀ ਹਾਲਤ ਪੈਦਾ ਹੋਵੇ। ਮੋਦੀ ਸਰਕਾਰ ਨੇ 2016 ਵਿਚ ਨੁਕਸ ਭਰਪੂਰ ਢੰਗ ਨਾਲ ਨੋਟਬੰਦੀ ਦਾ ਕਦਮ ਚੁੱਕਿਆ ਸੀ। ਇਸ ਸਬੰਧੀ ਸਹੀ ਤਰੀਕੇ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਸੀ।
ਸੂਟ-ਬੂਟ ਵਾਲਿਆਂ ਦਾ ਪੈਸਾ ਚਿੱਟਾ ਕਰਨ ਲਈ ਸੀ ਨੋਟਬੰਦੀ : ਰਾਹੁਲ
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨੋਟਬੰਦੀ ਇਕ ਅਜਿਹੀ ਜ਼ਾਲਮ ਸਾਜ਼ਿਸ਼ ਸੀ, ਜਿਸ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਟ-ਬੂਟ ਵਾਲੇ ਦੋਸਤਾਂ ਦੇ ਕਾਲੇ ਧਨ ਨੂੰ ਚਿੱਟਾ ਕੀਤਾ ਗਿਆ। ਵੀਰਵਾਰ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਸ ‘ਘਪਲੇ’ ਵਿਚ ਸਭ ਕੁਝ ਸੋਚ ਸਮਝ ਕੇ ਕੀਤਾ ਗਿਆ। ਇਸ ਤੋਂ ਇਲਾਵਾ ਨੋਟਬੰਦੀ ਦਾ ਕੋਈ ਹੋਰ ਮਤਲਬ ਕੱਢਣਾ ਦੇਸ਼ ਦੀ ਸਮਝ ਦਾ ਅਪਮਾਨ ਹੈ।
ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਇਸ ਸਾਰੇ ਕਾਂਡ ਵਿਚ ਕੁਝ ਵੀ ਮਾਸੂਮ ਨਹੀਂ ਸੀ। ਮੋਦੀ ਸਰਕਾਰ ਦਾ ਇਹ ਕਦਮ ਖੁਦ ਤੋਂ ਪੈਦਾ ਕੀਤੀ ਗਈ ਤ੍ਰਾਸਦੀ ਅਤੇ ਆਤਮਘਾਤੀ ਹਮਲਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨੋਟਬੰਦੀ ਦੀ ਪੂਰੀ ਸੱਚਾਈ ਅਜੇ ਸਾਹਮਣੇ ਨਹੀਂ ਆਈ। ਦੇਸ਼ ਦੇ ਲੋਕ ਪੂਰਾ ਸੱਚ ਜਾਣਨ ਤੱਕ ਚੈਨ ਨਾਲ ਨਹੀਂ ਬੈਠਣਗੇ।
ਨੋਟਬੰਦੀ ਦਾ ਕਾਰਨ ਅਜੇ ਵੀ ਭੇਤ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਨੂੰ ਦੇਸ਼ ਦੀ ਅਰਥਵਿਵਸਥਾ ਲਈ ਡੂੰਘਾ ਜ਼ਖ਼ਮ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਵਿੱਤੀ ਘਪਲਿਆਂ ਦੀ ਸੂਚੀ ਦਾ ਕੋਈ ਅੰਤ ਨਹੀਂ। 2 ਸਾਲ ਬਾਅਦ ਵੀ ਇਹ ਭੇਤ ਬਣਿਆ ਹੋਇਆ ਹੈ ਕਿ ਦੇਸ਼ ਵਿਚ ਨੋਟਬੰਦੀ ਕਿਉਂ ਕੀਤੀ ਗਈ।