ਜੈਸ਼ੰਕਰ ਬੋਲੇ, ਸਰਹੱਦ 'ਤੇ ਵਿਵਾਦ ਕਦੋਂ ਤੱਕ ਜਾਰੀ ਰਹੇਗਾ, ਇਸ 'ਤੇ ਨਹੀਂ ਕਰਾਂਗਾ ਭਵਿੱਖਬਾਣੀ

12/14/2020 1:04:19 AM

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੀਨ ਨਾਲ ਸੱਤ ਮਹੀਨੇ ਲੰਬੇ ਸਰਹੱਦ ਵਿਵਾਦ ਵਿੱਚ ਭਾਰਤ ਦੀ ਪ੍ਰੀਖਿਆ ਲਈ ਜਾ ਰਹੀ ਸੀ। ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਦੇਸ਼ ਰਾਸ਼ਟਰੀ ਸੁਰੱਖਿਆ ਦੀ ਚੁਣੌਤੀ 'ਤੇ ਖਰਾ ਉਤਰੇਗਾ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਹੋਏ ‘‘ਘਟਨਾਕ੍ਰਮਾਂ‘‘ ਨੂੰ ‘‘ਬੇਹੱਦ ਪ੍ਰੇਸ਼ਾਨ‘‘ ਕਰਨ ਵਾਲਾ ਕਰਾਰ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਉੱਥੇ ਜੋ ਕੁੱਝ ਵੀ ਹੋਇਆ ਉਹ ਚੀਨ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਉਹ ਭਾਰਤ ਵਿੱਚ ਭਰੋਸੇਯੋਗਤਾ ਗੁਆਉਣ ਦੇ ਖਦਸ਼ੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਨੂੰ ਹਾਲ ਦੇ ਦਹਾਕਿਆਂ ਵਿੱਚ ਵੱਡੀ ਸੂਝ ਨਾਲ ਵਿਕਸਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਕ੍ਰਮਾਂ ਨੇ ਕੁੱਝ ਬਹੁਤ ‘‘ਬੁਨਿਆਦੀ ਚਿੰਤਾਵਾਂ" ਪੈਦਾ ਕਰ ਦਿੱਤੀਆਂ ਹਨ ਕਿਉਂਕਿ ‘‘ਹੋਰ ਧਿਰ ਨੇ ਐੱਲ.ਏ.ਸੀ. ਦਾ ਸਨਮਾਨ ਕਰਨ ਦੇ ਸਮਝੌਤਿਆਂ ਦਾ ਪਾਲਣ ਨਹੀਂ ਕੀਤਾ ਹੈ।

ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਫਿੱਕੀ) ਦੀ ਸਾਲਾਨਾ ਬੈਠਕ ਦੇ ਇੱਕ ਸੈਸ਼ਨ ਵਿੱਚ ਇਹ ਪੁੱਛੇ ਜਾਣ 'ਤੇ ਕਿ ਕੀ ਚੀਨ-ਭਾਰਤ ਸਰਹੱਦ 'ਤੇ ਵਿਵਾਦ ਲੰਬਾ ਚੱਲੇਗਾ ਜਾਂ ਇਸ ਵਿੱਚ ਕੋਈ ਸਫਲਤਾ ਮਿਲਣ ਦੀ ਉਮੀਦ ਹੈ, ਜੈਸ਼ੰਕਰ ਨੇ ਕਿਹਾ, ‘‘ਮੈਂ ਕਿਸੇ ਤਰ੍ਹਾਂ ਦਾ ਅੰਦਾਜਾ ਜ਼ਾਹਿਰ ਨਹੀਂ ਕਰਾਂਗਾ ਕਿ ਕੀ ਇਹ ਕਰਨਾ ਆਸਾਨ ਹੋਵੇਗਾ ਜਾਂ ਨਹੀਂ ਅਤੇ ਸਮਾਂ ਸੀਮਾ ਕੀ ਹੋਵੇਗੀ?

ਜੈਸ਼ੰਕਰ ਨੇ ਕਿਹਾ, ‘‘ਇਸ ਸਾਲ ਦਾ ਘਟਨਾਕ੍ਰਮ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਅਸਲੀ ਖ਼ਤਰਾ ਭਰੋਸੇਯੋਗਤਾ ਗੁਆਉਣ ਨੂੰ ਲੈ ਕੇ ਹੈ, ਜਿਸ ਨੂੰ ਵੱਡੀ ਸੂਝ ਅਤੇ ਸਾਵਧਾਨੀ ਨਾਲ ਵਿਕਸਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਪਰ ਮੈਂ ਇਹ ਵੀ ਕਹਾਂਗਾ ਕਿ, ਹਾਂ, ਸਾਡੀ ਪ੍ਰੀਖਿਆ ਲਈ ਜਾ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਸ ਰਾਸ਼ਟਰੀ ਸੁਰੱਖਿਆ ਦੀ ਚੁਣੌਤੀ 'ਤੇ ਖਰੇ ਉਤਰਾਂਗੇ। ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਮਈ ਤੋਂ ਹੀ ਸਰਹੱਦ 'ਤੇ ਵਿਵਾਦ ਬਣਿਆ ਹੋਇਆ ਹੈ। ਦੋਨਾਂ ਧਿਰਾਂ ਵਿਚਾਲੇ ਫੌਜੀ ਅਤੇ ਸਿਆਸੀ ਪੱਧਰ ਦੀ ਕਈ ਦੌਰ ਦੀਆਂ ਵਾਰਤਾਵਾਂ ਹੋ ਚੁੱਕੀਆਂ ਹਨ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ।
 


Inder Prajapati

Content Editor

Related News