ਨਾਗਪੁਰ ਦੇ RSS ਹੈੱਡਕੁਆਰਟਰ ਦੀ ਰੇਕੀ ਮਾਮਲੇ ''ਚ ਜੈਸ਼ ਦਾ ਅੱਤਵਾਦੀ ਗ੍ਰਿਫ਼ਤਾਰ

Wednesday, May 18, 2022 - 01:05 PM (IST)

ਨਾਗਪੁਰ ਦੇ RSS ਹੈੱਡਕੁਆਰਟਰ ਦੀ ਰੇਕੀ ਮਾਮਲੇ ''ਚ ਜੈਸ਼ ਦਾ ਅੱਤਵਾਦੀ ਗ੍ਰਿਫ਼ਤਾਰ

ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਨਾਗਪੁਰ ਸਥਿਤ ਹੈੱਡ ਕੁਆਰਟਰ ਡਾਕਟਰ ਹੈੱਡਗੇਵਾਰ ਸਮਰਿਤੀ ਭਵਨ ਦੀ ਰੇਕੀ ਕਰਨ ਦੇ ਦੋਸ਼ 'ਚ ਇੱਥੇ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਜੰਮੂ ਕਸ਼ਮੀਰ ਤੋਂ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ੇਖ ਨੇ ਨਾਗਪੁਰ ਦੇ ਰੇਸ਼ਮੀਬਾਗ਼ ਇਲਾਕੇ 'ਚ ਹੇਡਗੇਵਾਰ ਸਮਰਿਤੀ ਭਵਨ ਦੀ ਰੇਕੀ ਕੀਤੀ ਸੀ ਅਤੇ ਭਵਨ ਦਾ ਵੀਡੀਓ ਪਾਕਿਸਤਾਨ ਸਥਿਤ ਆਪਣੇ ਹੈਂਡਲਰ ਨੂੰ ਭੇਜਿਆ ਸੀ। ਅਧਿਕਾਰੀ ਨੇ ਕਿਹਾ ਕਿ ਏ.ਟੀ.ਐੱਸ. ਨੇ ਹਾਲ ਹੀ 'ਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਵਾਸੀ ਰਈਸ ਅਹਿਮਦ ਸ਼ੇਖ (26) ਨੂੰ ਹਿਰਾਸਤ 'ਚ ਲਿਆ ਅਤੇ ਪਿਛਲੇ 2 ਦਿਨਾਂ ਤੋਂ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਸ਼ੇਖ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਮਰ ਨਾਮੀ ਇਕ ਵਿਅਕਤੀ ਉਸ ਦਾ ਹੈਂਡਲਰ ਹੈ। ਉਮਰ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਨਵਾਬਪੁਰ ਸਥਿਤ ਜੈਸ਼-ਏ-ਮੁਹੰਮਦ ਦਾ ਆਪਰੇਸ਼ਨਲ ਕਮਾਂਡਰ ਹੈ। ਅਧਿਕਾਰੀ ਨੇ ਕਿਹਾ ਕਿ ਸ਼ੇਖ 23 ਜੁਲਾਈ 2021 ਨੂੰ ਦਿੱਲੀ-ਮੁੰਬਈ-ਨਾਗਪੁਰ ਦੀ ਉਡਾਣ ਨਾਲ ਇੱਥੇ ਪਹੁੰਚਿਆ ਸੀ ਅਤੇ ਸੀਤਾਬੁਲਡੀ ਖੇਤਰ 'ਚ ਇਕ ਹੋਟਲ 'ਚ ਰੁਕਿਆ ਸੀ। ਸ਼ੇਖ ਨੂੰ ਉਸ ਦੇ ਹੈਂਡਲਰ ਨੇ ਭਰੋਸਾ ਦਿੱਤਾ ਸੀ ਕਿ ਇਕ ਨਾਗਪੁਰ 'ਚ ਇਕ ਸਥਾਨਕ ਵਿਅਕਤੀ ਉਸ ਨਾਲ ਸੰਪਰਕ ਕਰੇਗਾ ਅਤੇ ਉਸ ਦੀ ਮਦਦ ਕਰੇਗਾ। ਅਧਿਕਾਰੀ ਨੇ ਕਿਹਾ ਕਿ ਨਾਗਪੁਰ 'ਚ ਸ਼ੇਖ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ, ਇਸ ਲਈ ਉਸ ਨੇ ਮੁਆਇਨਾ ਅਤੇ ਰੇਕੀ ਕਰਨ ਦੇ ਕੰਮ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਸ਼ੇਖ ਗੂਗਲ ਮੈਪ ਦੀ ਮਦਦ ਨਾਲ ਰੇਸ਼ਮੀਬਾਗ਼ ਪਹੁੰਚਿਆ, ਜਿਸ ਦੀ 'ਲੋਕੇਸ਼ਨ' ਉਸ ਨੂੰ ਉਸ ਦੇ ਆਕਾ ਨੇ ਉਪਲੱਬਧ ਕਰਵਾਈ ਸੀ।


author

DIsha

Content Editor

Related News