ਪਾਕਿ ਅਲੱਗ-ਥਲੱਗ ਨਹੀਂ ਪਿਆ, ਚੀਨ ਪ੍ਰਤੀ ਕੇਂਦਰ ਸਰਕਾਰ ਦਾ ਸਮਰਪਣ ਜਾਰੀ : ਜੈਰਾਮ ਰਮੇਸ਼
Friday, May 08, 2026 - 12:12 AM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਆਪ੍ਰੇਸ਼ਨ ਸਿੰਧੂਰ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਵੀਰਵਾਰ ਨੂੰ ਦਾਅਵਾ ਕੀਤਾ ਕਿ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅੱਜ ਵੀ ਅਲੱਗ-ਥਲੱਗ ਨਹੀਂ ਕੀਤਾ ਜਾ ਸਕਿਆ ਅਤੇ ਇਸਲਾਮਾਬਾਦ ਦੀ ਮਦਦ ਕਰਨ ਵਾਲੇ ਚੀਨ ਪ੍ਰਤੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸਮਰਪਣ ਜਾਰੀ ਹੈ।
ਕਾਂਗਰਸ ਜਨਰਲ ਸਕੱਤਰ ਰਮੇਸ਼ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਰੁਕਵਾਉਣ ਦਾ ਦਾਅਵਾ 100 ਤੋਂ ਵੱਧ ਵਾਰ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਇਕ ਵਾਰ ਵੀ ਖੰਡਨ ਨਹੀਂ ਕੀਤਾ। ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦਾ ਇਕ ਸਾਲ ਪੂਰਾ ਹੋਣ ’ਤੇ ਅੱਜ ‘‘ਅਸੀਂ ਆਪਣੀਆਂ ਸੁਰੱਖਿਆ ਫੋਰਸਾਂ ਦੀਆਂ ਉਪਲੱਬਧੀਆਂ ਨੂੰ ਸਲਾਮ ਕਰ ਰਹੇ ਹਾਂ ਪਰ ਕੁਝ ਗੱਲਾਂ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ।’’
ਉਨ੍ਹਾਂ ਕਿਹਾ ਕਿ 30 ਮਈ, 2025 ਨੂੰ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਸਿੰਗਾਪੁਰ ’ਚ ਬਿਆਨ ਦਿੱਤਾ ਸੀ ਕਿ ਰਣਨੀਤਕ ਗਲਤੀਆਂ ਕਾਰਨ ਭਾਰਤ ਨੂੰ ਸ਼ੁਰੂਆਤੀ ਨੁਕਸਾਨ ਉਠਾਉਣਾ ਪਿਆ ਪਰ ਸਮੀਖਿਆ ਤੇ ਸੁਧਾਰ ਤੋਂ ਬਾਅਦ ਭਾਰਤ ਗਲਤੀ ਨੂੰ ਸਮਝ ਸਕਿਆ ਅਤੇ ਫਿਰ ਪਾਕਿਸਤਾਨ ਦੇ ਅੰਦਰ ਤੱਕ ਸਹੀ ਹਮਲੇ ਕਰ ਕੇ ਜਵਾਬ ਦਿੱਤਾ, ਜਿਸ ਨਾਲ ਭਾਰਤ ਦੀ ਦ੍ਰਿੜ੍ਹਤਾ ਅਤੇ ਹਾਲਾਤ ਦੇ ਹਿਸਾਬ ਨਾਲ ਖੁਦ ਨੂੰ ਢਾਲਣ ਦੀ ਸਮਰੱਥਾ ਪ੍ਰਦਰਸ਼ਿਤ ਹੋਈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ 10 ਜੂਨ, 2025 ਨੂੰ ਜਕਾਰਤਾ ’ਚ ਆਯੋਜਿਤ ਇਕ ਸੈਮੀਨਾਰ ’ਚ ਇੰਡੋਨੇਸ਼ੀਆ ਸਥਿਤ ਭਾਰਤੀ ਦੂਤਘਰ ਦੇ ਰੱਖਿਆ ਅਤਾਸ਼ੇ (ਡੀ. ਏ.) ਨੇ ਸਵੀਕਾਰ ਕੀਤਾ ਸੀ ਕਿ 7 ਮਈ 2025 ਨੂੰ ਸਿਆਸੀ ਲੀਡਰਸ਼ਿਪ ਵੱਲੋਂ ਤੈਅ ਕੀਤੀਆਂ ਗਈਆਂ ਹੱਦਾਂ ਕਾਰਨ ਭਾਰਤ ਨੇ ਆਪਣੇ ਜਹਾਜ਼ ਗੁਆ ਦਿੱਤੇ ਸਨ।
