ਗਲਟਾ ਕੁੰਡ ''ਚ ਨਹਾਉਣ ਲਈ ਦੋ ਚਚੇਰੇ ਭਰਾਵਾਂ ਨੇ ਮਾਰੀ ਛਾਲ, ਦੋਵਾਂ ਦੀ ਮੌਤ
Monday, Aug 12, 2024 - 06:23 PM (IST)
ਜੈਪੁਰ : ਰਾਜਧਾਨੀ ਜੈਪੁਰ ਦੇ ਗਲਤਾ ਕੁੰਡ 'ਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਦੁਪਹਿਰ ਦੋ ਚਚੇਰੇ ਭਰਾਵਾਂ ਨੇ ਗਲਤਾ ਕੁੰਡ ਵਿੱਚ ਨਹਾਉਣ ਲਈ ਛਾਲ ਮਾਰ ਦਿੱਤੀ ਸੀ ਪਰ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੋਨੂੰ ਕੋਲੀ ਅਤੇ ਰਾਹੁਲ ਕੋਲੀ ਵਾਸੀ ਸਵਾਈ ਮਾਧੋਪੁਰ ਵਜੋਂ ਹੋਈ ਹੈ। ਸਿਵਲ ਡਿਫੈਂਸ ਦੀ ਟੀਮ ਦੀ ਮਦਦ ਨਾਲ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਸਵਾਈ ਮਾਨਸਿੰਘ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕਰਵਾਇਆ ਜਾਵੇਗਾ। ਐਤਵਾਰ ਨੂੰ ਵੀ ਜੈਪੁਰ ਦੇ ਕਨੋਟਾ ਡੈਮ 'ਚ ਡੁੱਬਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਗਲਤਾ ਗੇਟ ਥਾਣੇ ਦੇ ਸਬ-ਇੰਸਪੈਕਟਰ ਗਿਰੀਰਾਜ ਮੁਤਾਬਕ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਗਲਤਾ ਕੁੰਡ 'ਚ ਦੋ ਨੌਜਵਾਨ ਡੁੱਬ ਗਏ ਹਨ। ਸੂਚਨਾ ਮਿਲਦੇ ਹੀ ਗਲਤਾ ਗੇਟ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ। ਸਿਵਲ ਡਿਫੈਂਸ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਸਿਵਲ ਡਿਫੈਂਸ ਦੇ ਮੁਲਾਜ਼ਮਾਂ ਨੇ ਛੱਪੜ ਵਿੱਚੋਂ ਦੋਵਾਂ ਨੌਜਵਾਨਾਂ ਦੀ ਤਲਾਸ਼ ਕੀਤੀ। ਅਣਥੱਕ ਕੋਸ਼ਿਸ਼ਾਂ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਗਲਤਾ ਕੁੰਡ ਤੋਂ ਬਾਹਰ ਕੱਢੀਆਂ ਗਈਆਂ।