ਜੈਪੁਰ ''ਚ ਪ੍ਰਧਾਨ ਮੰਤਰੀ ਮੋਦੀ ''ਤੇ ਰਾਹੁਲ ਨੇ ਕੱਸਿਆ ਤੰਜ

Saturday, Aug 11, 2018 - 06:23 PM (IST)

ਜੈਪੁਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਜੈਪੁਰ 'ਚ ਆਗਾਮੀ ਵਿਧਾਨਸਭਾ ਚੋਣਾਂ ਲਈ ਚੋਣ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜੈਪੁਰ ਪਹੁੰਚੇ ਰਾਹੁਲ ਗਾਂਧੀ ਲਈ ਕਾਰਜਕਰਤਾ ਭਾਰੀ ਗਿਣਤੀ 'ਚ ਇੱਕਠੇ ਹੋਏ। ਰਾਮਲੀਲਾ ਮੈਦਾਨ 'ਚ ਕਾਰਜਕਰਤਾਵਾਂ ਅਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ।
ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਫੌਜ ਦੇ ਜਵਾਨ ਇਸ ਦੇਸ਼ ਲਈ ਲੜਦੇ ਹਨ ਅਤੇ ਮਰਦੇ ਹਨ। ਨੌਜਵਾਨ ਹਿੰਦੁਸਤਾਨ ਦੀ ਰੱਖਿਆ ਲਈ ਫੌਜ 'ਚ ਜਾਣਾ ਚਾਹੁੰਦੇ ਹਨ। ਹਿੰਦੁਸਤਾਨ ਦੇ ਲੱਖਾਂ ਨੌਜਵਾਨ ਐੱਚ. ਏ. ਐੱਲ. 'ਚ ਕੰਮ ਕਰਨ ਦਾ ਸੁਪਨਾ ਦੇਖਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ 56 ਇੰਚ ਦੀ ਛਾਤੀ ਦੇ ਚੌਕੀਦਾਰ ਸਾਹਮਣੇ ਸੰਸਦ 'ਚ ਰਾਫੇਲ ਦੀ ਗੱਲ ਚੁੱਕੀ ਜਾਂਦੀ ਹੈ ਅਤੇ ਭ੍ਰਿਸ਼ਟਾਚਾਰ 'ਤੇ ਸਵਾਲ ਪੁੱਛੇ ਜਾਂਦੇ ਹਨ ਪਰ ਇਸ ਮੁੱਦੇ 'ਤੇ ਡੇਢ ਘੰਟੇ ਦੇ ਭਾਸ਼ਣ 'ਚ ਇਕ ਮਿੰਟ ਲਈ ਵੀ ਜਵਾਬ ਨਹੀਂ ਦਿੱਤਾ ਜਾਂਦਾ।
ਰਾਹੁਲ ਨੇ ਕਿਹਾ ਕਿ ਭਾਜਪਾ ਦੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। ਦੇਸ਼ ਬਦਲਣ ਦੇ ਝੂਠੇ ਵਾਅਦੇ ਕਰਦੇ ਹਨ ਪਰ ਹੁੰਦਾ ਕੁੱਝ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਸਿੱਧਾ ਫਰਾਂਸ ਗਏ, ਉਨ੍ਹਾਂ ਨਾਲ ਅਨਿਲ ਅੰਬਾਨੀ ਸਨ। ਅਨਿਲ ਅੰਬਾਨੀ ਜੀ 'ਤੇ 45000 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਕ ਵੀ ਹਵਾਈ ਜਹਾਜ਼ ਨਹੀਂ ਬਣਾਇਆ ਹੈ, ਸਿਰਫ ਇਕ ਯੋਗਤਾ ਹੈ ਕਿ ਉਹ ਮੋਦੀ ਜੀ ਦੇ ਮਿੱਤਰ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯੂ. ਪੀ. ਏ. ਕਾਂਟਰੈਕਟ 'ਚ ਸਾਫ ਲਿਖਿਆ ਸੀ ਕਿ ਹਵਾਈ ਜਹਾਜ਼ ਹਿੰਦੁਸਤਾਨ 'ਚ ਬਣੇਗਾ ਅਤੇ ਉਸ ਨੂੰ ਬਣਾਉਣ ਲਈ ਇਥੋਂ ਦੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਤੁਹਾਡੇ ਤੋਂ ਤੁਹਾਡਾ ਭਵਿੱਖ ਖੋਹਿਆ ਹੈ।
 


Related News