ਜਗਦੀਸ਼ ਝੀਂਡਾ ਮੁੜ ਬਣੇ ਐੱਚ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ

Friday, Mar 01, 2019 - 05:59 PM (IST)

ਜਗਦੀਸ਼ ਝੀਂਡਾ ਮੁੜ ਬਣੇ ਐੱਚ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ

ਗੁਹਲਾ-ਚੀਕਾ— ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਗਦੀਸ਼ ਸਿੰਘ ਝੀਂਡਾ ਨੂੰ ਮੁੜ ਐੱਚ. ਐੱਸ. ਜੀ. ਐੱਮ. ਸੀ. ਦਾ ਪ੍ਰਧਾਨ ਥਾਪਿਆ ਹੈ। ਗੰਭੀਰ ਬੀਮਾਰੀ ਕਾਰਨ ਜਗਦੀਸ਼ ਸਿੰਘ ਝੀਂਡਾ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਬੈਠਕ ਦੌਰਾਨ ਸਾਰਿਆਂ ਦੀ ਸਹਿਮਤੀ ਨਾਲ ਜਗਦੀਸ਼ ਸਿੰਘ ਝੀਂਡਾ ਨੂੰ ਹੀ ਮੁੜ ਐੱਚ.ਐੱਸ.ਜੀ.ਐੱਮ.ਸੀ. ਦਾ ਪ੍ਰਧਾਨ ਚੁਣ ਲਿਆ ਗਿਆ। ਜਗਦੀਸ਼ ਸਿੰਘ ਨੇ ਸਿਹਤ ਕਾਰਨਾਂ ਕਰ ਕੇ ਪਿਛਲੇ ਮਹੀਨੇ ਅਸਤੀਫਾ ਦਿੱਤਾ ਸੀ, ਇਸ ਤੋਂ ਬਾਅਦ ਕਨਵੀਨਰ ਬਣਾਏ ਗਏ ਚਨਦੀਪ ਸਿੰਘ ਖੁਰਾਨਾ ਦੀ ਦੇਖਰੇਖ 'ਚ ਚੋਣ ਪ੍ਰਕਿਰਿਆ ਵੀ ਸ਼ੁਰੂ ਹੋਈ ਸੀ। ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਦੀਦਾਰ ਸਿੰਘ ਨਲਵੀ, ਜੋਗਾ ਸਿੰਘ, ਕਰਨੈਲ ਸਿੰਘ ਨਿਮਨਾਬਾਦ ਅਤੇ ਜਸਬੀਰ ਸਿੰਘ ਖਾਲਸਾ ਸਮੇਤ ਕੁੱਲ ਚਾਰ ਉਮੀਦਵਾਰ ਮੈਦਾਨ 'ਚ ਖੜ੍ਹੇ ਸਨ। 

ਇਨ੍ਹਾਂ ਚਾਰਾਂ 'ਚੋਂ ਕਿਸੇ ਇਕ 'ਤੇ ਸਾਰਿਆਂ ਦੀ ਸਹਿਮਤੀ ਲਈ ਚਾਰ ਘੰਟੇ ਤੱਕ ਬੰਦ ਕਮਰੇ 'ਚ ਬੈਠਕ ਚੱਲੀ। ਬੈਠਕ ਤੋਂ ਬਾਅਦ ਜਦੋਂ ਮੈਂਬਰ ਬਾਹਰ ਨਿਕਲੇ ਤਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਐਲਾਨ ਕੀਤਾ ਕਿ ਹਰਿਆਣਾ ਕਮੇਟੀ ਨੂੰ ਬਣਾਉਣ 'ਚ ਜਗਦੀਸ਼ ਸਿੰਘ ਝੀਂਡਾ ਦਾ ਸੰਘਰਸ਼ ਸਭ ਤੋਂ ਵਧ ਹੈ, ਇਸ ਲਈ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀਨੀਅਰ ਉੱਪ ਪ੍ਰਧਾਨ ਦੀਦਾਰ ਸਿੰਘ ਨਲਵੀ ਨੂੰ ਐਕਟਿੰਗ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


author

DIsha

Content Editor

Related News