ਧਨਖੜ ਦੀ ਜ਼ਮੀਨੀ ਸਮੱਸਿਆਵਾਂ ਦੀ ਸਮਝ ਦੇਸ਼ ਲਈ ਫਾਇਦੇਮੰਦ ਹੋਵੇਗੀ: ਅਮਿਤ ਸ਼ਾਹ
Sunday, Jul 17, 2022 - 04:41 PM (IST)
![ਧਨਖੜ ਦੀ ਜ਼ਮੀਨੀ ਸਮੱਸਿਆਵਾਂ ਦੀ ਸਮਝ ਦੇਸ਼ ਲਈ ਫਾਇਦੇਮੰਦ ਹੋਵੇਗੀ: ਅਮਿਤ ਸ਼ਾਹ](https://static.jagbani.com/multimedia/2022_7image_16_39_387804214amitshah.jpg)
ਨਵੀਂ ਦਿੱਲੀ– ਉੱਪ ਰਾਸ਼ਟਰਪਤੀ ਅਹੁਦੇ ਲਈ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੇ ਉਮੀਦਵਾਰ ਜਗਦੀਪ ਧਨਖੜ ਨੇ ਐਤਵਾਰ ਨੂੰ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ਾਹ ਨੇ ਧਨਖੜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜ਼ਮੀਨੀ ਸਮੱਸਿਆਵਾਂ ਅਤੇ ਸੰਵਿਧਾਨ ਦੀ ਉਨ੍ਹਾਂ ਦੀ ਸਮਝ ਦੇਸ਼ ਲਈ ਬਹੁਦ ਫਾਇਦੇਮੰਦ ਹੋਵੇਗੀ। ਦੱਸ ਦੇਈਏ ਕਿ ਸ਼ਨੀਵਾਰ ਨੂੰ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨੇ ਐਲਾਨ ਕੀਤਾ ਸੀ ਕਿ ਪੱਛਮੀ ਬੰਗਾਲ ਦੇ ਰਾਜਪਾਲ ਧਨਖੜ ਉੱਪ ਰਾਸ਼ਟਰਪਤੀ ਚੋਣਾਂ ’ਚ NDA ਦੇ ਉਮੀਦਵਾਰ ਹੋਣਗੇ।
ਸ਼ਾਹ ਨੇ ਟਵੀਟ ’ਚ ਕਿਹਾ, ‘‘ਜਗਦੀਪ ਧਨਖੜ ਜੀ ਨੂੰ NDA ਦਾ ਉੱਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣੇ ਜਾਣ ’ਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਕ ਸਾਧਾਰਣ ਕਿਸਾਨ ਪਰਿਵਾਰ ’ਚ ਜਨਮੇ ਧਨਖੜ ਜੀ ਦੀ ਜ਼ਿੰਦਗੀ ਜਨ ਕਲਿਆਣ ਅਤੇ ਸਮਾਜ ਦੇ ਵਿਕਾਸ ਨੂੰ ਸਮਰਪਿਤ ਰਹੀ। ਮੈਨੂੰ ਭਰੋਸਾ ਹੈ ਕਿ ਜ਼ਮੀਨੀ ਸਮੱਸਿਆਵਾਂ ਦੀ ਉਨ੍ਹਾਂ ਦੀ ਸਮਝ ਅਤੇ ਸੰਵਿਧਾਨਕ ਗਿਆਨ ਦਾ ਦੇਸ਼ ਨੂੰ ਬਹੁਤ ਲਾਭ ਮਿਲੇਗਾ।’’
ਧਨਖੜ ਦਾ ਦੇਸ਼ ਦਾ ਅਗਲਾ ਉੱਪ ਰਾਸ਼ਟਰਪਤੀ ਚੁਣਿਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਚੋਣ ਮੰਡਲ ’ਚ NDA ਨੂੰ ਬਹੁਮਤ ਹਾਸਲ ਹੈ। ਜ਼ਿਕਰਯੋਗ ਹੈ ਕਿ ਸੰਸਦ ਦੇ ਦੋਹਾਂ ਸਦਨਾਂ ਦੀ ਮੌਜੂਦਾ ਗਿਣਤੀ 780 ’ਚੋਂ ਇਕੱਲੀ ਭਾਜਪਾ ਦੇ 394 ਸੰਸਦ ਮੈਂਬਰ ਹਨ, ਜੋ ਬਹੁਮਤ ਦੇ ਅੰਕੜੇ 390 ਤੋਂ ਵੱਧ ਹਨ।