ਜਗਬਾਣੀ ਸੈਰ ਸਪਾਟਾ ਸਪੈਸ਼ਲ-6 : ‘ਚਾਨਣੀਆਂ ਰਾਤਾਂ ਵਰਗੀ ਧਰਤੀ’

Thursday, May 07, 2020 - 02:08 PM (IST)

ਜਗਬਾਣੀ ਸੈਰ ਸਪਾਟਾ ਸਪੈਸ਼ਲ-6 : ‘ਚਾਨਣੀਆਂ ਰਾਤਾਂ ਵਰਗੀ ਧਰਤੀ’

ਮਨਜੀਤ ਸਿੰਘ ਰਾਜਪੁਰਾ

ਬੰਗਾਲੀਆਂ ਨੂੰ ਬਹੁਤ ਬੜੇ ਸਾਹਿਤ ਪ੍ਰੇਮੀ ਮੰਨਿਆ ਜਾਂਦਾ ਪਰ ਜਿਨ੍ਹਾਂ ਨੇ ਉਨ੍ਹਾਂ ਦਾ ਪਾਨ ਪ੍ਰੇਮ ਵੇਖਿਆ, ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਮਕਾਨ ਨੂੰ ਲਾਲ ਰੰਗ ਕਰਨਾ ਹੋਵੇ ਤਾਂ ਕੁਝ ਕਰਨ ਦੀ ਲੋੜ ਨੀ, ਬਸ ਦੋ ਬੰਗਾਲੀਆਂ ਨੂੰ ਬੁਲਾ ਲਉ। ਸੰਝ ਤੱਕ ਮਕਾਨ ਐਦਾਂ ਲਾਲ ਕੀਤਾ ਮਿਲੇਗਾ, ਜਿਵੇਂ ਨੈਰੋਲੈਕ ਪੇਂਟ ਕੀਤਾ ਹੁੰਦਾ। ਡਿਸਕਵਰੀ ’ਤੇ ਵੇਖਿਆ ਬਈ ਕੋਬਰਾ ਸੱਪ ਆਪਣੇ ਦੁਸ਼ਮਣ ਨੂੰ ਡਰਾਉਣ ਲਈ ਆਪਣੇ ਮੂੰਹ ’ਚੋਂ ਦਸ-ਦਸ ਫੁੱਟ ਤੱਕ ਜ਼ਹਿਰ ਸੁੱਟਦਾ ਪਰ ਬੰਗਾਲੀ ਪਤੰਦਰ ਜਦੋਂ ਪਾਨ ਦੀ ਪਿਚਕਾਰੀ ਮਾਰਦੇ ਨੇ ਤਾਂ ਮਨ ਕਹਿੰਦਾ ਬਈ ਡਿਸਕਵਰੀ ਆਲਿਆਂ ਨੇ ਆਹ ਕੋਬਰੇ ਤਾਂ ਵੇਖੇ ਈ ਨੀ।

ਅਸੀਂ ਭੂਟਾਨ ਜਾਣ ਲਈ ਜਦੋਂ ਸਿਲੀਗੁੜੀ ਉਤਰੇ ਤਾਂ ਇਨ੍ਹਾਂ ਕੋਬਰਿਆਂ ਦੇ ਡੰਗ ਤੋਂ ਬੜੇ ਔਖੇ ਬਚੇ। ਗੱਲ ਕਰਦੇ ਸਮੇਂ ਬੰਗਾਲੀ ਆਪਣੇ ਮੂੰਹ 'ਚ ਪਾਨ ਐਂ ਘੁਮਾਉਂਦੇ ਨੇ ਜਿਵੇਂ ਤੀਵੀਂਆਂ ਛੱਜ 'ਚ ਪਾ ਕੇ ਕਣਕ ਛੱਟਦੀਆਂ ਹੁੰਦੀਆਂ। ਬਸ ਜਦੋਂ ਉਨ੍ਹਾਂ ਦੀ ਜੁਗਾਲੀ ਤਿਆਰ ਹੋ ਜਾਂਦੀ ਫੇਰ ਉਹ ਗੱਲ ਕਰਨ ਵਾਲੇ ਦੇ ਮੋਢਿਆਂ ਕੋਲ ਦੀ ਐਦਾਂ ਪਿਚਕਾਰੀ ਮਾਰਦੇ ਐ, ਜਿਵੇਂ ਗੋਦੀ ਚੱਕੇ ਨਿਆਣੇ ਨੇ ਆਪਣੇ ਬਾਪੂ ਨੂੰ ਸ਼ਰਲਾ ਮਾਰ ਕੇ ਹੈਰਾਨ ਕਰ ਦਿੱਤਾ ਹੋਵੇ। ਜਦੋਂ ਉਹ ਮੂੰਹ ਖੋਲ੍ਹ ਕੇ ਉਬਾਸੀ ਲੈਂਦੇ ਨੇ ਤਾਂ ਆਲਾ ਦੁਆਲਾ ਮੁਸ਼ਕ ਨਾਲ ਭਰ ਜਾਂਦਾ, ਜਿਵੇਂ ਕੋਈ ਗਟਰ ਦਾ ਢੱਕਣ ਬੰਦ ਕਰਨਾ ਭੁੱਲ ਗਿਆ ਹੋਵੇ।

ਸਿਲੀਗੁੜੀ ਤੋਂ ਅਸੀਂ ਜੈ ਗਾਉਂ ਪੁੱਜੇ ਤਾਂ ਅੰਤਾਂ ਦਾ ਹੁੱਸੜ ਸੀ। ਇੱਥੇ ਹੀ ਨਾਲ ਲਗਦਾ ਭੂਟਾਨ ਦਾ ਸ਼ਹਿਰ ਫੁਲਸਫਿਨ ਐ, ਜਿੱਥੋਂ ਭੂਟਾਨ 'ਚ ਜਾਣ ਲਈ ਰਾਹਦਾਰੀ ਮਿਲਦੀ ਐ। ਅਸੀਂ ਰਾਹਦਾਰੀ ਲੈ ਕੇ ਜਦੋਂ ਭੂਟਾਨ ਦੇ ਸ਼ਹਿਰ ਫੁਲਸਫਿਨ 'ਚ ਵੜੇ ਤਾਂ ‘ਕੋਬਰਿਆਂ’ ਨੂੰ ਜਿਵੇਂ ਇੱਲ੍ਹਾਂ ਚੁੱਕ ਕੇ ਲੈ ਗਈਆਂ ਸਨ। ਅੰਤਾਂ ਦੀ ਸਫਾਈ ਅਤੇ ਨਾਲ ਵਗਦਾ ਸ਼ਾਂਤੀ ਦਾ ਦਰਿਆ।

ਪੜ੍ਹੋ ਇਹ ਵੀ ਖਬਰ- ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ

ਪੜ੍ਹੋ ਇਹ ਵੀ ਖਬਰ- ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ

PunjabKesari

ਇੱਥੇ ਹੀ ਪਹਿਲੀ ਵਾਰ ਮੈਂ ਚਾਹ ਅਤੇ ਸ਼ਰਾਬ ਇੱਕੋ ਦੁਕਾਨ 'ਚ ਵਿਕਦੀ ਵੇਖੀ, ਜਿਨ੍ਹਾਂ ਨੂੰ ਚਲਾ ਵੀ ਤੀਵੀਂਆਂ ਰਹੀਆਂ ਸਨ। ਇਹ ਐਦਾਂ ਦਾ ਨਜ਼ਾਰਾ ਸੀ ਜਿਵੇਂ ਲੰਬੜਾਂ ਦੇ ਜੀਤੇ ਨੇ ਟਟ੍ਹੀਰੀ ਦੇ ਆਂਡੇ ਵਾਹਣਾਂ ਦੀ ਥਾਂ ਕੋਠੇ 'ਤੇ ਪਏ ਵੇਖ ਲਏ ਹੋਣ। ਗਾਹਕ ਦੁਕਾਨ ਤੇ ਜਾਂਦਾ ਸੀ ਤੇ ਤੀਵੀਂ ਉਸ ਨੂੰ ਗਲਾਸ 'ਚ ਪਾ ਕੇ ਦਾਰੂ ਇੰਝ ਦਿੰਦੀ ਸੀ ਜਿਵੇਂ ਬੇਬੇ ਨੇ ਆਪਣੇ ਜੇਠੇ ਪੁੱਤ ਨੂੰ ਲੱਸੀ ਦਾ ਗਲਾਸ ਫੜਾਇਆ ਹੋਵੇ।

ਜਦੋਂ ਅਸੀਂ ਥਿੰਪੂ ਜਾਣ ਵਾਲੀ ਬੱਸ 'ਚ ਬੈਠੇ ਤਾਂ ਗਿਣਤੀ ਦੀਆਂ 25 ਕੁ ਸਵਾਰੀਆਂ ਸਨ। ਬੱਸ 'ਚ ਜਿੰਨੀਆਂ ਸੀਟਾਂ ਹੋਣ ਉਨੀਆਂ ਹੀ ਬਿਠਾਈਆਂ ਜਾਂਦੀਆਂ ਨੇ। ਜਿਉਂ ਜਿਉਂ ਬੱਸ ਥਿੰਪੂ ਵੱਲ ਜਾ ਰਹੀ ਸੀ ਤਾਂ ਆਲਾ ਦੁਆਲਾ 'ਕੋਠੇ ਤੇ ਫਿਰ ਕੋਠੜਾ ਕੋਠੇ ਸੁੱਕਦਾ ਖੇਸ ਵੇ, ਅਸਾਂ ਗੁੰਦਾਈਆਂ ਮੀਢੀਂਆਂ ਤੂੰ ਕਿਸੇ ਬਹਾਨੇ ਵੇਖ ਵੇ' ਵਰਗੀਆਂ ਬਾਤਾਂ ਪਾ ਰਿਹਾ ਸੀ। ਕੋਬਰਿਆਂ ਦੀ ਹੁੱਸੜਾਂ ਭਰੀ ਧਰਤੀ ਕਿਤੇ ਦੂਰ ਰਹਿ ਗਈ ਸੀ। ਛੇ ਕੁ ਘੰਟਿਆਂ ਦੇ ਸਫਰ ਤੋਂ ਬਾਅਦ ਅਸੀਂ ਥਿੰਪੂ ਪੁੱਜੇ।

ਥਿੰਪੂ 'ਚ ਲਗਦਾ ਈ ਨੀ ਕਿ ਇਹ ਦੇਸ ਦੀ ਰਾਜਧਾਨੀ ਐ। ਬੰਦੇ ਨੂੰ ਐਧਰੋਂ ਜਾ ਕੇ ਐਦਾਂ ਲਗਦਾ ਜਿਵੇਂ ਕਿੱਕਰਾਂ 'ਤੇ ਫਿਰਦੀ ਕਾਟੋ ਕੇਲੇ 'ਤੇ ਜਾ ਚੜ੍ਹੀ ਹੋਵੇ। ਇੱਥੇ ਤਾਂ ਪੌਂ ਪੌਂ ਬਿਨਾਂ ਗੱਲ ਈ ਨੀ ਹੁੰਦੀ ਪਰ ਉਥੇ ਜੇ ਪੌਂ ਵੱਜ ਜਾਵੇ ਤਾਂ ਲੋਕ ਹੈਰਾਨ ਹੋ ਕੇ ਵੇਖਦੇ ਨੇ ਜਿਵੇਂ ਪੁੱਛ ਰਹੇ ਹੋਣ ਸੱਜਣਾਂ ਦੇ ਖੂਹ ਦੇ ਮਿੱਠੇ ਪਾਣੀ ਨਾਲ ਰੱਜ ਨੀ ਆਇਆ ਜਿਹੜਾ ਬੱਤਿਆਂ ਦਾ ਮੁੱਲ ਕਰਦਾ ਫਿਰਦੈਂ।

ਪੜ੍ਹੋ ਇਹ ਵੀ ਖਬਰ- ਜਗਬਾਣੀ ਸੈਰ ਸਪਾਟਾ ਵਿਸ਼ੇਸ਼-3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ

ਪੜ੍ਹੋ ਇਹ ਵੀ ਖਬਰ- 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ

PunjabKesari

ਥਿੰਪੂ ਤੋਂ ਅਸੀਂ ਪਾਰੋ ਗਏ ਤਾਂ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ ਵਰਗੀ ਗੱਲ ਹੋਈ ਪਈ ਸੀ। ਦੂਰ ਦੂਰ ਤੱਕ ਹਰੀ ਕਚੂਰ ਵਾਦੀ ਤੇ ਸੜਕ ਦੇ ਨਾਲ ਦਰਿਆ ਵਗ ਰਿਹਾ ਸੀ, ਸ਼ਾਇਦ ਇਹ ਦੱਸਣ ਲਈ ਕਿ ਜਿਹੜੇ ਭਰੇ ਹੁੰਦੇ ਨੇ ਉਹੀ ਵਗਦੇ ਨੇ। ਖਾਲੀਆਂ ਕੋਲ ਤਾਂ ਬੱਸ ਆਪਣੀ  ਮੈਂ ਆਲੀ ਪੌਂ ਪੌਂ ਹੁੰਦੀ ਜਿੱਥੇ ਜੀਅ ਕਰਦਾ ਉਥੇ ਹੀ ਵਜਾਉਣ ਲੱਗ ਜਾਂਦੇ ਨੇ। 

ਪਹਾੜ 'ਚ ਸ਼ਾਂਤੀ ਹੋਣ ਕਾਰਨ ਦੂਰ ਬੋਲਦਾ ਬੰਦਾ ਵੀ ਨੇੜੇ ਸੁਣਾਈ ਦਿੰਦਾ। ਪਰ ਪਾਰੋ 'ਚ ਜਾ ਕੇ ਤਾਂ ਬੰਦੇ ਨੂੰ ਲਗਦਾ ਬਈ ਕਿਸੇ ਦੇ ਕੰਨ 'ਚ ਕਹੀ ਗੱਲ ਵੀ ਦੂਰ ਖੜੇ ਬੰਦੇ ਨੂੰ ਸੁਣਦੀ ਐ।

ਭੂਟਾਨ ਦਾ ਸੁਹੱਪਣ ਯੂਰਪ ਨੂੰ ਵੀ ਮਾਤ ਪਾਉਂਦਾ। ਜਿਨ੍ਹਾਂ ਨੇ ਇਸ ਦੇ ਦਰਸ਼ਨ ਕੀਤੇ ਨੇ, ਉਨ੍ਹਾਂ ਨੂੰ  ਇਸ ਦੀ ਯਾਦ ਇੰਜ ਆਉਂਦੀ ਐ ਜਿਵੇਂ ਲੰਦਨ, ਪੈਰਿਸ ਗਿਆ ਬੰਦਾ ਆਪਣੇ ਪਿੰਡ ਦੀਆਂ ਅੰਬੀਆਂ ਨੂੰ ਯਾਦ ਕਰਦਾ ਹੁੰਦਾ। ਜਿਹੜੀ ਸ਼ਾਂਤੀ ਹੁਣ ਹੋਈ ਐ ਭੂਟਾਨ 'ਚ ਸਦਾ ਹੀ ਉਹ ਸ਼ਾਂਤੀ ਵਰਤੀ ਰਹਿੰਦੀ ਐ। ਸ਼ਿਵ ਦੇ ਇਹ ਬੋਲ ਭੂਟਾਨ ਦੀ ਸੁਰਗਾਪੁਰੀ ਵਰਗੀ ਧਰਤੀ ਨੂੰ ਸਕਾਰਥ ਕਰਦੇ ਨੇ

ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਨੀ ਉਥੇ ਮੇਰਾ ਯਾਰ ਵੱਸਦਾ।
ਜਿੱਥੇ ਲੰਘਦੀ ਪੌਣ ਵੀ ਜਾਂਦੀ ਏ ਖਲੋਅ, ਨੀ ਉਥੇ ਮੇਰਾ ਯਾਰ ਵੱਸਦਾ।
ਨੰਗੇ ਨੰਗੇ ਪੈਰੀਂ ਜਿੱਥੇ ਆਉਣ ਪ੍ਰਭਾਤਾਂ, ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ,
ਜਿੱਥੇ ਚਾਨਣੀ ਚ ਨਾਹਵੇ ਖੁਸ਼ਬੋ, ਨੀ ਉਥੇ ਮੇਰਾ ਯਾਰ ਵੱਸਦਾ।

ਪੜ੍ਹੋ ਇਹ ਵੀ ਖਬਰ-  ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ​​​​​​​

PunjabKesari


author

rajwinder kaur

Content Editor

Related News