ਜਗਨ ਮੋਹਨ ਰੈੱਡੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਇੰਝ ਹੋਇਆ ਸਵਾਗਤ

Sunday, May 26, 2019 - 01:48 PM (IST)

ਜਗਨ ਮੋਹਨ ਰੈੱਡੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਇੰਝ ਹੋਇਆ ਸਵਾਗਤ

ਨਵੀਂ ਦਿੱਲੀ (ਭਾਸ਼ਾ)— ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਐਤਵਾਰ ਨੂੰ ਇੱਥੇ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ। ਮੋਦੀ ਨੇ ਬਹੁਤ ਹੀ ਜੋਸ਼ ਨਾਲ ਜਗਨ ਮੋਹਨ ਨੂੰ ਗਲੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਵਾਈ. ਐੱਸ. ਆਰ. ਮੁਖੀ ਨੇ ਮੋਦੀ ਨੂੰ ਸ਼ਾਲ ਭੇਟ ਕੀਤੀ ਅਤੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਉਹ 30 ਮਈ ਨੂੰ ਵਿਜੇਵਾੜਾ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇੱਥੇ ਦੱਸ ਦੇਈਏ ਕਿ ਜਗਨ ਅਤੇ ਨਰਿੰਦਰ ਮੋਦੀ ਦੋਵੇਂ ਹੀ 30 ਮਈ ਨੂੰ ਆਂਧਰਾ ਪ੍ਰਦੇਸ਼ ਅਤੇ ਕੇਂਦਰ ਵਿਚ ਆਪਣੇ-ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।



ਦੱਸਣਯੋਗ ਹੈ ਕਿ ਜਗਨ ਦੀ ਪਾਰਟੀ ਵਾਈ. ਐੱਸ. ਆਰ. ਕਾਂਗਰਸ ਨੂੰ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ 175 ਸੀਟਾਂ 'ਚੋਂ 151 ਸੀਟਾਂ 'ਤੇ ਅਤੇ ਲੋਕ ਸਭਾ ਦੀਆਂ 25 ਸੀਟਾਂ 'ਚੋਂ 22 ਸੀਟਾਂ 'ਤੇ ਜ਼ਬਰਦਸਤ ਜਿੱਤ ਮਿਲੀ ਹੈ। ਸੂਤਰਾਂ ਮੁਤਾਬਕ ਜਗਨ ਨੇ ਮੋਦੀ ਨਾਲ ਮੁਲਾਕਾਤ ਦੌਰਾਨ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ, ਸੂਬੇ ਦੀ ਆਰਥਿਕ ਸਥਿਤੀ ਅਤੇ ਕੇਂਦਰ ਤੋਂ ਫੰਡ ਮਿਲਣ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ।

ਮੋਦੀ ਨਾਲ ਮੁਲਾਕਾਤ ਤੋਂ ਬਾਅਦ ਜਗਨ ਆਂਧਰਾ ਭਵਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਆਂਧਰਾ ਪ੍ਰਦੇਸ਼ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਦੋਹਾਂ ਚੋਣਾਂ ਵਿਚ ਆਪਣੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਅਗਵਾਈ ਕਰਨ ਵਾਲੇ ਜਗਨ ਨੇ ਸ਼ਨੀਵਾਰ ਨੂੰ ਵਾਈ. ਐੱਸ. ਆਰ. ਸੀ. ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।


author

Tanu

Content Editor

Related News