ਜੰਮੂ ਕਸ਼ਮੀਰ : ਅੱਤਵਾਦੀਆਂ ਹਮਲੇ 'ਚ ਮਾਰੇ ਗਏ ਸਰਕਸ ਕਰਮੀ ਦੀ ਪਤਨੀ ਨੂੰ ਮਿਲੀ ਸਰਕਾਰੀ ਨੌਕਰੀ
Wednesday, Jun 28, 2023 - 03:22 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਪਿਛਲੇ ਮਹੀਨੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਸਰਕਸ ਕਰਮੀ ਦੀਪੂ ਕੁਮਾਰ ਦੀ ਪਤਨੀ ਨੂੰ ਬੁੱਧਵਾਰ ਨੂੰ ਨਿਯੁਕਤੀ ਪੱਤਰ ਸੌਂਪਿਆ। ਉੱਪ ਰਾਜਪਾਲ ਨੇ ਊਧਮਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਬੇਹੱਦ ਗਰੀਬੀ 'ਚ ਰਹਿ ਰਹੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਵਜੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਕਿ 29 ਮਈ ਨੂੰ ਦੁੱਧ ਲੈਣ ਗਏ ਕੁਮਾਰ (27) ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਜੰਗਲਤ ਮੰਡੀ ਇਲਾਕੇ 'ਚ ਇਕ ਸਰਕਸ 'ਚ ਕੰਮ ਕਰਦਾ ਸੀ। ਜੰਮੂ ਕਸ਼ਮੀਰ ਪੁਲਸ ਨੇ 16 ਜੂਨ ਨੂੰ ਕਿਹਾ ਸੀ ਕਿ ਕਤਲ ਦੇ ਇਸ ਮਾਮਲੇ 'ਚ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਅਧਿਕਾਰਤ ਬੁਲਾਰੇ ਨੇ ਕਿਹਾ,''ਉੱਪ ਰਾਜਪਾਲ ਮਨੋਜ ਸਿਨਹਾ ਨੇ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਨਾਗਰਿਕ ਦੀਪੂ ਕੁਮਾਰ ਦੀ ਪਤਨੀ ਸਾਕਸ਼ੀ ਦੇਵੀ ਨੂੰ ਰਾਜ ਭਵਨ 'ਚ ਇਕ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ।'' ਉਨ੍ਹਾਂ ਕਿਹਾ ਕਿ ਉੱਪ ਰਾਜਪਾਲ ਨੇ ਪੀੜਤ ਪਿਰਵਾਰ ਨੂੰ ਸਾਰੀ ਸੰਭਵ ਮਦਦ ਦਾ ਭਰੋਸਾ ਦਿੱਤਾ। ਕੁਮਾਰ ਦੇ ਕਤਲ ਦੇ ਇਕ ਹਫ਼ਤੇ ਬਾਅਦ ਉਸ ਦੀ ਪਤਨੀ ਨੇ ਊਧਮਪੁਰ ਦੇ ਥੀਆਲ ਪਿੰਡ 'ਚ ਇਕ ਬੱਚੇ ਨੂੰ ਜਨਮ ਦਿੱਤਾ ਸੀ। ਕੁਮਾਰ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਪਿਤਾ, ਇਕ ਭਰਾ, ਭਰਜਾਈ ਅਤੇ ਉਨ੍ਹਾਂ ਦੇ 2 ਬੱਚੇ ਹਨ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਕੁਮਾਰ ਦੇ ਮੋਢਿਆਂ 'ਤੇ ਸੀ, ਕਿਉਂਕਿ ਉਸ ਦਾ ਭਰਾ ਦ੍ਰਿਸ਼ਟੀਹੀਣ ਹੈ।