‘ਹੌਂਸਲਾ’ ਨਾਲ ਨਵੀਆਂ ਬੁਲੰਦੀਆਂ ਛੂਹਣਗੀਆਂ ਬੀਬੀਆਂ, ਉੱਪ ਰਾਜਪਾਲ ਸਿਨਹਾ ਨੇ ਸ਼ੁਰੂ ਕੀਤੀ ਸਕੀਮ
Thursday, Jul 01, 2021 - 03:20 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ (ਐੱਲ. ਜੀ.) ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਮਹਿਲਾ ਉੱਦਮੀਆਂ ਲਈ ‘ਹੌਂਸਲਾ’ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਮਕਸਦ ਉਨ੍ਹਾਂ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵਿਆਪਕ ਪਹੁੰਚ ਨੂੰ ਸਮਰੱਥ ਬਣਾਉਣਾ ਹੈ। ਇਸ ਯੋਜਨਾ ਦਾ ਮੁੱਖ ਮਕਸਦ ਖੇਤਰ ਦੀਆਂ ਮਹਿਲਾ ਉੱਦਮੀਆਂ ਲਈ ਇਕ ਵਿਆਪਕ ਪ੍ਰੋਗਰਾਮ ਤਿਆਰ ਕਰਨਾ ਹੈ, ਜੋ ਉਨ੍ਹਾਂ ਦੇ ਕਾਰੋਬਾਰ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਇਕ ਮਾਰਗਦਰਸ਼ਕ ਦੇ ਰੂਪ ਵਿਚ ਕੰਮ ਕਰ ਸਕੇ।
ਮਨੋਜ ਸਿਨਹਾ ਨੇ ਕਿਹਾ ਕਿ ਇਹ ਪ੍ਰੋਗਰਾਮ ਨਿਸ਼ਚਿਤ ਰੂਪ ਨਾਲ ਮਹਿਲਾ ਉੱਦਮੀਆਂ ਦੀ ਮਦਦ ਕਰੇਗਾ। ਜਿੱਥੇ ਇੱਛਾ ਹੈ, ਉੱਥੇ ਇਕ ਰਾਹ ਹੈ। ਅਸੀਂ ‘ਬੈਕ ਟੂ ਵਿਲੇਜ’ ਪ੍ਰੋਗਰਾਮ ਸ਼ੁਰੂ ਕਰਦੇ ਸਮੇਂ 10 ਹਜ਼ਾਰ ਲੋਕਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਅਸੀਂ ਮਦਦ ਪ੍ਰਦਾਨ ਕਰਨ ਵਿਚ ਸਫ਼ਲ ਰਹੇ, ਜਿਨ੍ਹਾਂ ’ਚ 4500 ਕੁੜੀਆਂ ਸਨ। ਇਸ ਸਾਲ ਅਸੀਂ ਜੰਮੂ-ਕਸ਼ਮੀਰ ਵਿਚ 50 ਹਜ਼ਾਰ ਕਸ਼ਮੀਰੀ ਨੌਜਵਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਹੈ। ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਉਨ੍ਹਾਂ ਦੇ ਕਾਰੋਬਾਰ ਦੇ ਵਿਕਾਸ ਨੂੰ ਹਰ ਸੰਭਵ ਤਰੀਕੇ ਨਾਲ ਆਸਾਨ ਬਣਾਏਗਾ।
ਮਨੋਜ ਸਿਨਹਾ ਨੇ ਅੱਗੇ ਕਿਹਾ ਕਿ ਮੈਂ ਸਾਰੀਆਂ ਬੀਬੀਆਂ ਨੂੰ ਵਧਾਈ ਦਿੰਦਾ ਹਾਂ। ਇਹ ਸਕੀਮ ਤੁਹਾਡੇ ਸਾਰਿਆਂ ਲਈ ਹੈ। ਜੇਕਰ ਕਿਸੇ ਦਾ ਮੌਜੂਦਾ ਕਾਰੋਬਾਰ ਹੈ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਕ੍ਰਿਪਾ ਕਰ ਕੇ ਸਾਡੇ ਕੋਲ ਆਓ। ਸਾਡੇ ਪੋਰਟਲ ’ਤੇ ਰਜਿਸਟ੍ਰੇਸ਼ਨ ਕਰੋ। ਅਸੀਂ ਟੇਕਅਵੇ, ਕ੍ਰੇਡਿਟ ਸਪੋਰਟ, ਈ-ਕਾਮਰਜ਼ ਅਤੇ ਮਾਰਕੀਟਿੰਗ ਵੀ ਦੇਵਾਂਗੇ। ਜੰਮੂ-ਕਸ਼ਮੀਰ ਵਪਾਰ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ ਦੀ ਐੱਮ. ਡੀ. ਅੰਕਿਤਾ ਕਰੇ ਨੇ ਕਿਹਾ ਕਿ ‘ਹੌਂਸਲਾ’ ਪ੍ਰੋਗਰਾਮ ਨਾ ਸਿਰਫ ਮਹਿਲਾ ਉੱਦਮੀਆਂ ਨੂੰ ਸਿਖਲਾਈ ਅਤੇ ਸਲਾਹ ਪ੍ਰਦਾਨ ਕਰੇਗਾ, ਸਗੋਂ ਕਿ ਮਾਰਕੀਟਿੰਗ ਦੇ ਮੌਕੇ ਵੀ ਪ੍ਰਦਾਨ ਕਰੇਗਾ।